ਅਣਪਛਾਤੇ ਹਮਲਾਵਰਾਂ ਨੇ ਪੋਲਟਰੀ ਫਾਰਮ ਦੇ ਮਾਲਕ ‘ਤੇ ਕੀਤਾ ਜਾਨਲੇਵਾ ਹਮਲਾ

27

ਬੀਤੀ ਰਾਤ ਬਟਾਲਾ ਨੇੜਲੇ ਪਿੰਡ ਦਾਲਮ ਵਿੱਚ ਇੱਕ ਪੋਲਟਰੀ ਫਾਰਮ ਦੇ ਮਾਲਕ ਗੁਰਪ੍ਰੀਤ ਸਿੰਘ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਕੁਝ ਹਮਲਾਵਰ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਅਤੇ ਗੋਲੀ ਚਲਾਈ, ਜੋ ਕਿ ਖੁਸ਼ਕਿਸਮਤੀ ਨਾਲ ਉਸ ਵਿਅਕਤੀ ਨੂੰ ਨਾ ਲੱਗਦੀਆਂ ਹੋਈਆਂ ਇਕ ਨੇੜਲੇ ਸ਼ਰਾਬ ਦੇ ਠੇਕੇ ਦੀ ਫਰਿਜ ’ਚ ਲੱਗ ਗਈ।

ਮੌਕੇ ‘ਤੇ ਪੁਲਿਸ ਪਹੁੰਚ ਕੇ ਕਾਰਵਾਈ ‘ਚ ਜੁੱਟ ਗਈ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੋਲਟਰੀ ਫਾਰਮ ਅਤੇ ਇਕ ਜਿਮ ਚਲਾਉਂਦਾ ਹੈ। ਉਸ ਨੇ ਦਾਅਵਾ ਕੀਤਾ ਕਿ ਪਿੱਛਲੇ ਦਿਨੀਂ ਉਸਦਾ ਨੇੜਲੇ ਪਿੰਡ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ, ਜਿਨ੍ਹਾਂ ਕੋਲੋਂ ਉਹ ਜਿਮ ਦੀ ਫੀਸ ਮੰਗ ਰਿਹਾ ਸੀ। ਇਸ ਝਗੜੇ ਤੋਂ ਬਾਅਦ ਉਸ ਉੱਤੇ ਪਰਚਾ ਵੀ ਦਰਜ ਹੋਇਆ ਸੀ, ਜਿਸਨੂੰ ਵਾਪਸ ਲੈਣ ਲਈ ਹੁਣ ਉਸ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ।

ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਅਤੇ ਇਹ ਗੋਲੀਕਾਂਡ ਵੀ ਉਨ੍ਹਾਂ ਧਮਕੀਆਂ ਦੇ ਨਤੀਜੇ ਵਜੋਂ ਹੀ ਹੋਇਆ ਹੈ। ਤਫਤੀਸ਼ ਕਰ ਰਹੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਗੋਲੀ ਚਲਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨਾਲ ਗੁਰਪ੍ਰੀਤ ਦੀ ਪੁਰਾਣੀ ਰੰਜਿਸ਼ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।