ਖਰੜ ਦੇ ਵਿੱਚ ਇੱਕ ਹਿਮਾਚਲ ਰੋਡਵੇਜ਼ ਦੀ ਬੱਸ ਤੇ ਦੋ ਬਦਮਾਸ਼ਾਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ। ਦਰਅਸਲ ਦੋ ਬਦਮਾਸ਼ਾਂ ਦੇ ਵੱਲੋਂ ਪਹਿਲਾਂ ਤਾਂ ਬੱਸ ਨੂੰ ਰੋਕਿਆ ਜਾਂਦਾ ਹੈ ਤੇ ਫਿਰ ਬੱਸ ਦੇ ਸਾਰੇ ਹੀ ਸ਼ੀਸ਼ੇ ਤੋੜ ਦਿੱਤੇ ਜਾਂਦੇ ਹਨ। ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਉਸ ਸਮੇਂ ਬੱਸ ਦੇ ਵਿੱਚ 24 ਲੋਕ ਸਵਾਰ ਸੀ।
ਮੌਕੇ ਦੇ ਉੱਤੇ ਚੀਕ ਚਿਹਾੜਾ ਪੈ ਗਿਆ। ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਹੀ ਬਦਮਾਸ਼ ਇੱਕ ਆਲਟੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸੀ ਤੇ ਆਲਟੋ ਗੱਡੀ ਦੀਆਂ ਨੰਬਰ ਪਲੇਟਾਂ ਵੀ ਢੱਕੀਆਂ ਸੀ ਤੇ ਇਹਨਾਂ ਨੇ ਆਪਣਾ ਮੂੰਹ ਵੀ ਢੱਕਿਆ ਹੋਇਆ ਸੀ। ਬਦਮਾਸ਼ ਬੜੇ ਸ਼ਾਤਿਰ ਦੱਸੇ ਜਾ ਰਹੇ ਹਨ। ਕਿਉਂਕਿ ਇਹਨਾਂ ਨੇ ਉਸ ਜਗ੍ਹਾ ਨੂੰ ਵਾਰਦਾਤ ਦੇ ਲਈ ਚੁਣਿਆ ਹੈ। ਜਿੱਥੇ ਕਿ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ ਲੱਗਿਆ ਹੋਇਆ। ਦੱਸ ਦਈਏ ਕਿ ਪੁਲ ਦੇ ਹੇਠਾਂ ਹਰ ਪਾਸੇ ਸੀਸੀਟੀਵੀ ਕੈਮਰੇ ਹੀ ਕੈਮਰੇ ਹਨ।
ਪ੍ਰੰਤੂ ਇਹਨਾਂ ਨੇ ਜਿਵੇਂ ਹੀ ਬੱਸ ਪੁੱਲ ਦੇ ਉੱਤੇ ਚੜੀ ਤਾਂ ਉੱਥੇ ਹੀ ਆਪਣੀ ਗੱਡੀ ਅੱਗੇ ਲਾ ਕੇ ਬੱਸ ਨੂੰ ਰੋਕ ਲਿਆ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤੁਰੰਤ ਮੌਕੇ ਤੋਂ ਫਰਾਰ ਹੋ ਗਏ। ਇਹਨਾਂ ਦਿਨਾਂ ਦੇ ਵਿੱਚ ਲਗਾਤਾਰ ਪੰਜਾਬ ਤੇ ਹਿਮਾਚਲ ਦੇ ਵਿਚਕਾਰ ਮਾਹੌਲ ਕਾਫੀ ਜਿਆਦਾ ਤਣਾਅਪੂਰਨ ਬਣਿਆ ਹੋਇਆ ਹੈ ਕਿਉਂਕਿ ਹੋਲੇ ਮੁਹੱਲੇ ਮੌਕੇ ਲੋਕ ਵੱਡੀ ਗਿਣਤੀ ਦੇ ਵਿੱਚ ਸ੍ਰੀ ਮਨੀਕਰਨ ਸਾਹਿਬ ਨਤਮਸਤਕ ਹੋਣ ਦੇ ਲਈ ਜਾ ਰਹੇ ਹਨ।
ਜਿਨਾਂ ਦੇ ਵੱਲੋਂ ਭਿੰਡਰਾਂਵਾਲੇ ਅਤੇ ਕੇਸਰੀ ਝੰਡੇ ਲਗਾਏ ਹੋਏ ਸੀ ਤੇ ਹਿਮਾਚਲ ਦੇ ਵਿੱਚ ਇਹਨਾਂ ਸਭ ਨੂੰ ਉਤਾਰ ਦਿੱਤਾ ਗਿਆ। ਹੁਸ਼ਿਆਰਪੁਰ ਦੇ ਵਿੱਚ ਵੀ ਬੀਤੇ ਦਿਨਾਂ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਤੇ ਭਿੰਡਰਾਂਵਾਲੇ ਦੇ ਸਟੀਕਰ ਚੁੱਕਾਏ ਗਏ ਤੇ ਕਈ ਸਿੱਖ ਜਥੇਬੰਦੀਆਂ ਦੇ ਵੱਲੋਂ 19 ਮਾਰਚ ਨੂੰ ਯਾਨੀ ਕਿ ਅੱਜ ਹਿਮਾਚਲ ਬਾਰਡਰਾਂ ਤੇ ਧਰਨਾ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।













