ਕੌਂਸਲਰ ਡੰਡੌਤ ਕਰ ਕੇ ਡੀ ਸੀ ਦਫ਼ਤਰ ਪੁੱਜਾ

12

Sell-Aid Desk 24/7- ਇੱਥੇ ਵਾਰਡ ਨੰਬਰ 22 ਦੇ ਕੌਂਸਲਰ ਅਵਤਾਰ ਸਿੰਘ ਤਾਰਾ ਨੇ ਆਪਣੇ ਵਾਰਡ ਅਤੇ ਸ਼ਹਿਰ ਦੀਆਂ ਬੁਨਿਆਦੀ ਮੰਗਾਂ ਵੱਲ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧਿਆਨ ਖਿੱਚਣ ਲਈ ਨਿਵੇਕਲਾ ਪ੍ਰਦਰਸ਼ਨ ਕੀਤਾ। ਲੋਕ ਮਸਲਿਆਂ ਦੇ ਹੱਲ ਲਈ ਦਫ਼ਤਰਾਂ ਦੇ ਚੱਕਰ ਕੱਟ ਕੇ ਅੱਕ ਚੁੱਕੇ ਉਕਤ ਕੌਂਸਲਰ ਨੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਤੱਕ ਡੰਡੌਤ ਕਰ ਕੇ ਆਪਣੇ ਰੋਸ ਦਾ ਇਜ਼ਹਾਰ ਕੀਤਾ। ਕੌਂਸਲਰ ਅਵਤਾਰ ਸਿੰਘ ਤਾਰਾ ਨੇ ਕਿਹਾ ਕਿ ਮੰਗਾਂ ਵੱਲ ਧਿਆਨ ਦਿਵਾਉਣ ਦੇ ਬਾਵਜੂਦ ਸਬੰਧਤ ਅਧਿਕਾਰੀ ਲੋਕਾਂ ਦੀ ਖੱਜਲ-ਖੁਆਰੀ ’ਤੇ ਮੂਕ ਦਰਸ਼ਕ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹਾਊਸ ਦੀ ਪਹਿਲੀ ਮੀਟਿੰਗ ਵਿੱਚ ਇਨ੍ਹਾਂ ਸਮੱਸਿਆਵਾਂ ਲਈ ਲੱਖਾਂ ਰੁਪਏ ਦਾ ਬਜਟ ਰੱਖਿਆ ਗਿਆ ਸੀ, ਪਰ ਨਾ ਟੈਂਡਰ ਹੋਏ ਅਤੇ ਨਾ ਹੀ ਕੰਮ ਸ਼ੁਰੂ ਹੋਇਆ। ਕੌਂਸਲਰ ਤਾਰਾ ਅਨੁਸਾਰ ਫੰਡ ਨਾ ਮਿਲਣ ਕਾਰਨ ਪਾਣੀ ਦੀਆਂ ਪਾਈਪਾਂ ਅਤੇ ਸੀਵਰੇਜ ਮੁਰੰਮਤ ਲਈ ਉਹ ਆਪਣੇ ਜੇਬ ਤੋਂ ਖਰਚ ਕਰਨ ਲਈ ਮਜਬੂਰ ਹਨ।

ਕੌਂਸਲਰ ਅਵਤਾਰ ਸਿੰਘ ਤਾਰਾ ਨੇ ਦਾਅਵਾ ਕੀਤਾ ਕਿ ਪਿਛਲਾ ਸਾਲ ਸਿਰਫ਼ ਮੰਗ ਪੱਤਰ ਦੇਣ ਅਤੇ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਲਾਉਣ ਵਿੱਚ ਹੀ ਲੰਘ ਗਿਆ ਹੈ ਪਰ ਮਸਲੇ ਜਿਉਂ ਦੇ ਤਿਉਂ ਹਨ। ਉਨ੍ਹਾਂ ਕਿਹਾ ਕਿ ਡੀ ਸੀ ਦਫ਼ਤਰ ਸੰਗਰੂਰ ਅੱਗੇ ਇਹ ਉਨ੍ਹਾਂ ਦੀ ਆਖਰੀ ਫਰਿਆਦ ਹੈ ਕਿਉਂਕਿ ਇਸ ਤੋਂ ਬਾਅਦ ਉਹ ਕਿਸੇ ਵੀ ਮੰਚ ’ਤੇ ਮੰਗ ਪੱਤਰ ਦੇਣ ਨਹੀਂ ਆਉਣਗੇ। ਉਨ੍ਹਾਂ ਚਿਤਾਵਨੀ ਦਿੰਦਿਆਂ ਸਪੱਸ਼ਟ ਕੀਤਾ ਕਿ ਮਸਲਿਆਂ ਦੇ ਹੱਲ ਲਈ ਗੰਭੀਰਤਾ ਨਾ ਦਿਖਾਏ ਜਾਣ ’ਤੇ ਉਹ ਭੁੱਖ ਹੜਤਾਲ ਜਾਂ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਵਿਰੋਧ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।