ਪੰਜਾਬ ਸਰਕਾਰ ਨੇ ਜਲਾਲਾਬਾਦ ਹਲਕੇ ਲਈ ਇੱਕ ਮਹੱਤਵਪੂਰਨ ਵਿਕਾਸੀ ਯੋਜਨਾ ਤਹਿਤ ਸ਼ਹੀਦ ਊਧਮ ਸਿੰਘ ਦੇ ਨਾਂ ‘ਤੇ ਨਵਾਂ ਬਾਈਪਾਸ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿਧਾਨ ਸਭਾ ‘ਚ ਚੱਲ ਰਹੇ ਸੈਸ਼ਨ ਦੌਰਾਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਬਾਈਪਾਸ ਦੀ ਲੋੜ ਬਾਰੇ ਸਵਾਲ ਉਠਾਇਆ, ਜਿਸ ‘ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਸ ਪ੍ਰਾਜੈਕਟ ਦੀ ਪ੍ਰਵਾਨਗੀ ਦਾ ਐਲਾਨ ਕੀਤਾ।
ਦਸ ਦਈਏ ਕਿ ਇਸ ਦੀ ਲੰਬਾਈ 8.75 ਕਿਲੋਮੀਟਰ, ਚੌੜਾਈ 18 ਫੁੱਟ ਦੀ ਤੈਅ ਕੀਤੀ ਗਈ ਹੈ। ਜੇਕਰ ਇਸਦੇ ਰੂਟ ਦੀ ਗੱਲ ਕੀਤੀ ਜਾਵੇ ਤਾਂ ਇਹ ਬੱਗੇ ਕੇ ਉਤਾੜ ਤੋਂ ਸ਼ੁਰੂ ਹੋ ਕੇ ਨਹਿਰ ਦੇ ਨਾਲ-ਨਾਲ ਬਣੇਗਾ ਅਤੇ ਇਹ 13.28 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਇਸ ਸੜਕ ਦੀ ਮੰਗ ਬਹੁਤ ਸਮੇਂ ਤੋਂ ਕੀਤੀ ਜਾ ਰਹੀ ਸੀ, ਪਰ ਪਿੱਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਪੁਰਾਣੇ ਵੱਡੇ ਨੇਤਾ ਇੱਥੋਂ ਵੋਟਾਂ ਤਾਂ ਲੈਂਦੇ ਰਹੇ, ਪਰ ਵਿਕਾਸ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਮੌਜੂਦਾ ਸਰਕਾਰ ਇਸ ਨੂੰ ਯਥਾਰਥ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜਿਸ ਦੇ ਚਲਦੇ ਜਲਾਲਾਬਾਦ ਦੀ ਟਰੈਫਿਕ ਸਮੱਸਿਆ ਦਾ ਹੱਲ ਹੋਵੇਗਾ। ਇਲਾਕੇ ਦੇ ਆਮ ਲੋਕਾਂ, ਵਪਾਰੀਆਂ ਅਤੇ ਕਿਸਾਨਾਂ ਨੂੰ ਆਵਾਜਾਈ ‘ਚ ਸੁਵਿਧਾ ਮਿਲੇਗੀ। ਨਵੀਂ ਵਿਕਾਸੀ ਯੋਜਨਾਵਾਂ ਲਈ ਰਾਹ ਖੁੱਲ੍ਹੇਗਾ।
ਦਸ ਦਈਏ ਕਿ ਵਿਧਾਇਕ ਗੋਲਡੀ ਨੇ ਇਹ ਵੀ ਦੱਸਿਆ ਕਿ ਇਸ ਮਾਰਗ ਨੂੰ ਸ਼ਹੀਦ ਊਧਮ ਸਿੰਘ ਦੇ ਨਾਂਅ ‘ਤੇ ਸਮਰਪਿਤ ਕੀਤਾ ਜਾਵੇਗਾ ਅਤੇ ਇਸ ‘ਤੇ ਉਨ੍ਹਾਂ ਦਾ ਬੁੱਤ ਵੀ ਲਗਾਇਆ ਜਾਵੇਗਾ। ਲੋਕ ਨਿਰਮਾਣ ਮੰਤਰੀ ਨੇ ਇਹ ਮੰਗ ਵੀ ਪ੍ਰਵਾਨ ਕਰ ਲਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਲਕੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਗੰਭੀਰ ਪਹੁੰਚ ਬਣਾਈ ਹੋਈ ਹੈ। ਵਿਧਾਇਕ ਗੋਲਡੀ ਨੇ ਦੱਸਿਆ ਕਿ ਇਹ ਨਵੀਂ ਸੜਕ ਇਲਾਕੇ ਦੇ ਵਿਕਾਸ ਦੇ ਨਵੇਂ ਰਾਹ ਖੋਲ੍ਹੇਗੀ।













