ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਭਾਰਤੀ ਫੌਜ ਦੀ ਇੱਕ ਗੱਡੀ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਅੱਤਵਾਦੀਆਂ ਨੇ ਘਾਤ ਲਗਾ ਕੇ ਅਚਾਨਕ ਫੌਜ ਦੀ ਗੱਡੀ ‘ਤੇ ਗੋਲੀਬਾਰੀ ਕਰ ਦਿੱਤੀ। ਇਹ ਹਮਲਾ ਸੁੰਦਰਬਨੀ ਇਲਾਕੇ ਵਿੱਚ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਭਾਰਤੀ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਸੁੰਦਰਬਨੀ ਵਿੱਚ ਬੁੱਧਵਾਰ ਦੁਪਹਿਰ ਨੂੰ ਅੱਤਵਾਦੀਆਂ ਨੇ ਫੌਜ ਦੇ ਇੱਕ ਟਰੱਕ ‘ਤੇ ਗੋਲੀਬਾਰੀ ਕੀਤੀ। ਇਹ ਘਟਨਾ ਬੁੱਧਵਾਰ ਦੁਪਹਿਰ 1 ਵਜੇ ਦੇ ਕਰੀਬ ਸੁੰਦਰਬਨੀ ਮੱਲਾ ਰੋਡ ਦੇ ਨਾਲ ਜੰਗਲੀ ਖੇਤਰ ਵਿੱਚ ਪਾਣੀ ਦੀ ਟੈਂਕੀ ਦੇ ਨੇੜੇ ਫਾਲ ਪਿੰਡ ਦੇ ਨੇੜੇ ਵਾਪਰੀ। ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਇਲਾਕੇ ਵਿੱਚ ਗਸ਼ਤ ਕਰ ਰਹੇ 9 ਜੇਏਕੇ ਵਾਹਨ ‘ਤੇ ਇੱਕ ਜਾਂ ਦੋ ਰਾਉਂਡ ਫਾਇਰ ਕੀਤੇ ਗਏ। ਹੁਣ ਤੱਕ ਕਿਸੇ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਹਮਲੇ ਤੋਂ ਬਾਅਦ ਮੌਕੇ ‘ਤੇ ਹੋਰ ਫੋਰਸ ਭੇਜ ਦਿੱਤੀ ਗਈ ਹੈ। ਅੱਤਵਾਦੀਆਂ ਨੂੰ ਫੜ੍ਹਨ ਲਈ ਵੱਡੇ ਪੈਮਾਨੇ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤੋਂ ਪਹਿਲਾਂ 7 ਫਰਵਰੀ ਨੂੰ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਭਾਰਤੀ ਫੌਜ ਨੇ ਸੱਤ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਦਿੱਤਾ ਹੈ। ਇਨ੍ਹਾਂ ਵਿੱਚ ਪਾਕਿਸਤਾਨੀ ਫੌਜ ਦੇ ਤਿੰਨ ਜਵਾਨ ਵੀ ਸ਼ਾਮਲ ਸਨ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਘਟਨਾ 4 ਫਰਵਰੀ ਦੀ ਰਾਤ ਨੂੰ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਨੇੜੇ ਵਾਪਰੀ। ਉਸ ਸਮੇਂ ਐਲਓਸੀ ਦੇ ਨੇੜੇ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ। ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਫੌਜ ਦੀ ਅਗਲੀ ਚੌਕੀ ‘ਤੇ ਹਮਲਾ ਕਰਨ ਦਾ ਪਲਾਨ ਸੀ। ਇਸ ਦੀ ਜਾਣਕਾਰੀ ਭਾਰਤੀ ਫੌਜ ਨੂੰ ਮਿਲੀ। ਇਸ ਤੋਂ ਬਾਅਦ, ਉਨ੍ਹਾਂ ਪਹਿਲਾਂ ਹੀ ਹਮਲਾ ਕਰਕੇ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ, ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਇੱਕ 21 ਸਾਲਾ ਔਰਤ ਨੂੰ ਉਸਦੇ ਘਰ ਵਿੱਚ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗਿਰਧਾਰੀ ਲਾਲ ਦੀ ਧੀ ਸ਼ਿਵਾਨੀ ਸੁੰਦਰਬਨੀ ਸਥਿਤ ਉਸਦੇ ਘਰ ‘ਤੇ ਲਾਇਸੈਂਸੀ ਬੰਦੂਕ ਤੋਂ ਚਲਾਈ ਗਈ ਗੋਲੀ ਨਾਲ ਜ਼ਖਮੀ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਨੂੰ ਸਥਾਨਕ ਪੱਧਰ ‘ਤੇ ਮੁੱਢਲੀ ਸਹਾਇਤਾ ਦਿੱਤੀ ਗਈ। ਬਾਅਦ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਹਸਪਤਾਲ, ਜੰਮੂ ਵਿੱਚ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਗੋਲੀ ਗਲਤੀ ਨਾਲ ਚੱਲੀ ਸੀ ਜਾਂ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।













