ਡਾ. ਅਮਰ ਸਿੰਘ ਵੱਲੋਂ ਦਿੱਲੀ ਦੀ ਹਵਾ ਪ੍ਰਦੂਸ਼ਣ ਸੰਗੀਨਤਾ ’ਤੇ ਸਦਨ ਦਾ ਕੰਮਕਾਜ ਮੁਲਤਵੀ ਕਰਨ ਦੀ ਮੰਗ

24

Sell-Aid Desk 24/7- ਡਾ. ਅਮਰ ਸਿੰਘ ਵੱਲੋਂ ਦਿੱਲੀ ਦੀ ਹਵਾ ਪ੍ਰਦੂਸ਼ਣ ਸੰਗੀਨਤਾ ’ਤੇ ਸਦਨ ਦਾ ਕੰਮਕਾਜ ਮੁੁਲਤਵੀ ਕਰਨ ਦੀ ਮੰਗ

ਫ਼ਤਹਿਗੜ੍ਹ ਸਾਹਿਬ ਦੇ ਐੱਮਪੀ ਡਾ. ਅਮਰ ਸਿੰਘ ਨੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ’ਚ ਹਵਾ ਦੀ ਗੁਣਵੱਤਾ ’ਚ ਆ ਰਹੀ ਗੰਭੀਰ ਗਿਰਾਵਟ ਨੂੰ ਲੈ ਕੇ ਲੋਕ ਸਭਾ ’ਚ ਸਦਨ ਦਾ ਕੰਮਕਾਜ ਮੁਲਤਵੀ ਕਰ ਕੇ ਤੁਰੰਤ ਚਰਚਾ ਕਰਨ ਦੀ ਮੰਗ ਕੀਤੀ ਹੈ। ਡਾ. ਅਮਰ ਸਿੰਘ ਨੇ ਸਕੱਤਰ-ਜਨਰਲ ਲੋਕ ਸਭਾ ਨੂੰ ਭੇਜੇ ਨੋਟਿਸ ’ਚ ਕਿਹਾ ਹੈ ਕਿ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ 500 ਤਕ ਪਹੁੰਚ ਗਿਆ ਹੈ, ਜੋ ਸ਼ਹਿਰ ਲਈ ਗੰਭੀਰ ਐਮਰਜੈਂਸੀ ਦੀ ਸਥਿਤੀ ਪੈਦਾ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਖਤਰਨਾਕ ਹਵਾ ਜਨਤਕ ਸਿਹਤ ਲਈ ਵੱਡਾ ਖ਼ਤਰਾ ਬਣੀ ਹੋਈ ਹੈ, ਖਾਸ ਕਰ ਕੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਤੇ ਸਾਹ ਜਾਂ ਦਿਲ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਲਈ। ਹਸਪਤਾਲਾਂ ’ਚ ਦਮਾ, ਸਾਹ ਚੜ੍ਹਨਾ, ਅੱਖਾਂ ’ਚ ਜਲਣ ਤੇ ਹੋਰ ਪ੍ਰਦੂਸ਼ਣ-ਸਬੰਧੀ ਬਿਮਾਰੀਆਂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਘੱਟ ਦਿੱਖ, ਸਕੂਲਾਂ ਦੇ ਬੰਦ ਹੋਣ, ਨਿਰਮਾਣ ਗਤੀਵਿਧੀਆਂ ’ਤੇ ਪਾਬੰਦੀਆਂ ਤੇ ਆਵਾਜਾਈ ਨਾਲ-ਨਾਲ ਆਰਥਿਕ ਗਤੀਵਿਧੀਆਂ ’ਤੇ ਵੀ ਗੰਭੀਰ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਮੁਤਾਬਕ, ਗਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦੇ ਬਾਵਜੂਦ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਤੌਰ ’ਤੇ ਉੱਚਾ ਬਣਿਆ ਹੋਇਆ ਹੈ, ਜੋ ਪ੍ਰਬੰਧਨ ਤੇ ਲਾਗੂ ਕਰਨ ’ਚ ਕਮੀਆਂ ਨੂੰ ਦਰਸਾਉਂਦਾ ਹੈ। ਡਾ. ਅਮਰ ਸਿੰਘ ਨੇ ਇਹ ਵੀ ਦਰਸਾਇਆ ਕਿ ਹਰ ਸਾਲ ਇਹ ਸੰਕਟ ਦੁਹਰਾਉਣ ਨਾਲ ਇਹ ਸਾਬਤ ਹੁੰਦਾ ਹੈ ਕਿ ਵਾਹਨਾਂ ਦੇ ਨਿਕਾਸ, ਉਦਯੋਗਿਕ ਪ੍ਰਦੂਸ਼ਣ, ਉਸਾਰੀ ਦੀ ਧੂੜ ਤੇ ਖੇਤਾਂ ’ਚ ਪਰਾਲੀ ਸਾੜਨ ਵਰਗੇ ਸਰੋਤਾਂ ਨੂੰ ਕੰਟਰੋਲ ਕਰਨ ਲਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕੇ ਜਾ ਰਹੇ। ਉਨ੍ਹਾਂ ਸੰਵਿਧਾਨ ਦੇ ਅਨੁਛੇਦ 21 ਅਧੀਨ ਨਾਗਰਿਕਾਂ ਦੇ ਜੀਵਨ ਅਤੇ ਸਿਹਤ ਦੇ ਅਧਿਕਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਦਨ ’ਚ ਤੁਰੰਤ ਚਰਚਾ ਕਰ ਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤੇ ਲੰਬੇ ਸਮੇਂ ਲਈ ਢੁੱਕਵੇਂ ਉਪਾਅ ਲਾਗੂ ਕਰਨਾ ਜ਼ਰੂਰੀ ਹੈ।