ਉੱਤਰੀ ਦਿੱਲੀ ਦੇ ਵਜ਼ੀਰਾਬਾਦ ਖੇਤਰ ਵਿਚ 10 ਲੱਖ ਰੁਪਏ ਦੀ ਫਿਰੌਤੀ ਲਈ ਇਕ 16 ਸਾਲਾ ਲੜਕੇ ਨੂੰ ਅਗਵਾ ਕਰਕੇ ਮਾਰ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਤਲ ਸਬੰਧੀ ਤਿੰਨ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 9ਵੀਂ ਜਮਾਤ ਦੇ ਵਿਦਿਆਰਥੀ ਨੂੰ ਭਲਸਵਾ ਝੀਲ ਦੇ ਨੇੜੇ ਇਕ ਸੁੰਨਸਾਨ ਇਲਾਕੇ ਵਿੱਚ ਲਿਜਾਇਆ ਗਿਆ ਸੀ, ਜਿਥੇ ਉਸ ਉਤੇ ਚਾਕੂ ਦੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ।
10 ਲੱਖ ਦੀ ਫਿਰੌਤੀ ਲਈ ਫੋਨ ਆਇਆ
ਉਨ੍ਹਾਂ ਕਿਹਾ, “ਲੜਕੇ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਫਿਰੌਤੀ ਲਈ ਕਾਲ ਆਈ ਸੀ। ਬਾਅਦ ਵਿੱਚ ਉਨ੍ਹਾਂ ਨੂੰ ਉਸ ਦੀ ਲਾਸ਼ ਮਿਲੀ।” ਲੜਕਾ ਐਤਵਾਰ ਤੋਂ ਲਾਪਤਾ ਸੀ ਅਤੇ ਸੋਮਵਾਰ ਨੂੰ ਸਥਾਨਕ ਪੁਲਿਸ ਸਟੇਸ਼ਨ ‘ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਲੜਕਾ ਮੁਖਰਜੀ ਨਗਰ ਵਿੱਚ ਪੜ੍ਹਦਾ ਸੀ। ਅਧਿਕਾਰੀ ਨੇ ਕਿਹਾ, “ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਲੜਕੇ ਨੂੰ ਆਖਰੀ ਵਾਰ ਤਿੰਨ ਲੜਕਿਆਂ ਨਾਲ ਦੇਖਿਆ ਗਿਆ ਸੀ, ਜਿਨ੍ਹਾਂ ਵਿੱਚੋਂ ਦੋ ਦੀ ਉਮਰ 16 ਅਤੇ 17 ਸਾਲ ਸੀ।
ਸੀਸੀਟੀਵੀ ਫੁਟੇਜ ਤੋਂ ਹੋਇਆ ਖੁਲਾਸਾ
ਇਸ ਗੱਲ ਦੀ ਪੁਸ਼ਟੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਤੋਂ ਹੋਈ ਹੈ। ਤਿੰਨੋਂ ਲੜਕੇ ਫੜੇ ਗਏ ਅਤੇ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਲੜਕੇ ਨੂੰ 10 ਲੱਖ ਰੁਪਏ ਦੀ ਫਿਰੌਤੀ ਲਈ ਅਗਵਾ ਕੀਤਾ ਸੀ। ਮੁਲਜ਼ਮਾਂ ਨੇ ਦੱਸਿਆ ਕਿ ਐਤਵਾਰ ਨੂੰ ਉਹ ਲੜਕੇ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਏ ਸਨ।
ਅਧਿਕਾਰੀਆਂ ਮੁਤਾਬਕ ਮੁਲਜ਼ਮ ਉਸ ਨੂੰ ਭਲਸਵਾ ਝੀਲ ਦੇ ਨੇੜੇ ਇਕ ਸੁੰਨਸਾਨ ਖੇਤਰ ‘ਚ ਲੈ ਗਿਆ, ਉਸ ਉਤੇ ਚਾਕੂ ਨਾਲ ਹਮਲਾ ਕੀਤਾ ਅਤੇ ਉਸ ਨੂੰ ਮਾਰ ਕੇ ਫਰਾਰ ਹੋ ਗਏ। ਅਗਲੇ ਦਿਨ ਉਨ੍ਹਾਂ ਨੇ ਲੜਕੇ ਦੇ ਪਿਤਾ (ਜੋ ਪੇਸ਼ੇ ਤੋਂ ਡਰਾਈਵਰ ਹੈ) ਨੂੰ ਫੋਨ ਕੀਤਾ ਅਤੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਅਧਿਕਾਰੀ ਨੇ ਕਿਹਾ, “ਗ੍ਰਿਫਤਾਰ ਨੌਜਵਾਨਾਂ ਦੇ ਦੱਸਣ ਉਤੇ ਪੁਲਿਸ ਟੀਮ ਨੇ ਲੜਕੇ ਦੀ ਲਾਸ਼ ਬਰਾਮਦ ਕੀਤੀ ਹੈ।” ਪੁਲਿਸ ਸੂਤਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਲੜਕੇ ਦੀ ਲਾਸ਼ ਦੇ ਟੁਕੜੇ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।
ਕਾਬੂ ਕੀਤੇ ਲੜਕਿਆਂ ਨੇ ਦੱਸਿਆ ਕਿ ਐਤਵਾਰ ਨੂੰ ਉਹ ਉਸ ਨੂੰ (ਮ੍ਰਿਤਕ ਲੜਕੇ) ਘੁੰਮਣ ਲਈ ਮੋਟਰਸਾਈਕਲ ’ਤੇ ਆਪਣੇ ਨਾਲ ਲੈ ਗਏ ਅਤੇ ਭਾਲਸਵਾ ਝੀਲ ਦੇ ਨੇੜੇ ਇਕ ਜੰਗਲੀ ਖੇਤਰ ਵਿੱਚ ਲਿਜਾ ਕੇ ਚਾਕੂ ਮਾਰਿਆ ਅਤੇ ਉਸ ਨੂੰ ਮਾਰ ਦਿੱਤਾ।













