ਨਾਬਾਲਿਗ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਤੇਜ਼ਾਬ ਨਾਲ ਮਿਟਾਇਆ ਟੈਟੂ, ਜ਼ਬਰਦਸਤੀ ਖੁਆਇਆ ਗਾਂ ਦਾ ਮਾਸ

33

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲੇ ‘ਚ 14 ਸਾਲਾ ਲੜਕੀ ਨੂੰ ਅਗਵਾ ਕਰਕੇ ਦੋ ਮਹੀਨੇ ਤੱਕ ਬੰਧਕ ਬਣਾ ਕੇ ਸਮੂਹਿਕ ਬਲਾਤਕਾਰ ਅਤੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਬੁੱਧਵਾਰ ਨੂੰ ਇਕ ਦੋਸ਼ੀ ਸਲਮਾਨ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਤਿੰਨ ਹੋਰ ਫਰਾਰ ਹਨ, ਜਿਨ੍ਹਾਂ ਦੀ ਭਾਲ ‘ਚ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਨਾਬਾਲਗ ਲੜਕੀ ਨਾਲ ਦੋ ਮਹੀਨੇ ਤੱਕ ਸਮੂਹਿਕ ਬਲਾਤਕਾਰ ਹੀ ਨਹੀਂ ਕੀਤਾ ਗਿਆ ਸਗੋਂ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ।

ਭਗਤਪੁਰ ਥਾਣੇ ਦੇ ਸਟੇਸ਼ਨ ਹਾਊਸ ਅਫਸਰ (ਐੱਸਐੱਚਓ) ਸੰਜੇ ਕੁਮਾਰ ਪੰਚਾਲ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਲੜਕੀ ਨੂੰ ਬੰਧਕ ਬਣਾਉਣ ਦੌਰਾਨ ਮੁਲਜ਼ਮਾਂ ਨੇ ਤੇਜ਼ਾਬ ਪਾ ਕੇ ਉਸ ਦੇ ਹੱਥ ‘ਤੇ ‘ਓਮ’ ਦਾ ਟੈਟੂ ਸਾੜ ਦਿੱਤਾ, ਉਸ ਨੂੰ ਜ਼ਬਰਦਸਤੀ ਮੀਟ ਖੁਆਇਆ ਅਤੇ ਹੋਰ ਤਸ਼ੱਦਦ ਕੀਤਾ।

ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਚਾਰ ਦੋਸ਼ੀਆਂ ਸਲਮਾਨ, ਜ਼ੁਬੈਰ, ਰਸ਼ੀਦ ਅਤੇ ਆਰਿਫ ਦੇ ਖਿਲਾਫ ਭਾਰਤੀ ਦੰਡਾਵਲੀ, ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ ਅਤੇ ਐਸਸੀ/ਐਸਟੀ (ਅੱਤਿਆਚਾਰ ਰੋਕੂ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ 2 ਜਨਵਰੀ 2025 ਨੂੰ ਜਦੋਂ ਉਸ ਦੀ ਭਤੀਜੀ ਦਰਜ਼ੀ ਕੋਲ ਜਾ ਰਹੀ ਸੀ ਤਾਂ ਰਸਤੇ ਵਿੱਚ ਉਸ ਨੂੰ ਅਗਵਾ ਕਰ ਲਿਆ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਕਾਰ ਵਿੱਚ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਭੋਜਪੁਰ ਇਲਾਕੇ ਦੇ ਇੱਕ ਘਰ ਦੇ ਇੱਕ ਕਮਰੇ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਵਾਰ-ਵਾਰ ਸਮੂਹਿਕ ਬਲਾਤਕਾਰ ਕੀਤਾ ਗਿਆ। 2 ਮਾਰਚ ਨੂੰ ਦੋਸ਼ੀ ਸਲਮਾਨ ਪੀੜਤ ਲੜਕੀ ਨੂੰ ਉਸ ਦੇ ਪਿੰਡ ਛੱਡ ਕੇ ਫਰਾਰ ਹੋ ਗਿਆ। ਮੁਲਜ਼ਮਾਂ ਨੇ ਪੀੜਤ ਪਰਿਵਾਰ ਨੂੰ ਮੂੰਹ ਖੋਲ੍ਹਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਲੜਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਮੁਲਜ਼ਮ ਉਨ੍ਹਾਂ ਨੂੰ ਕੇਸ ਵਾਪਸ ਲੈਣ ਲਈ ਧਮਕੀਆਂ ਦੇ ਰਹੇ ਹਨ।

ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ
ਦੂਜੇ ਪਾਸੇ ਹਿੰਦੂ ਸੰਗਠਨਾਂ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਦਰ ਵਿਖੇ ਪਹੁੰਚ ਕੇ ਹੰਗਾਮਾ ਕੀਤਾ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਜਾਣਕਾਰੀ ਦਿੰਦਿਆਂ ਐਸ.ਪੀ.(ਦਿਹਾਤੀ) ਕੁੰਵਰ ਅਕਾਸ਼ ਸਿੰਘ ਨੇ ਦੱਸਿਆ ਕਿ ਥਾਣਾ ਭਗਤਪੁਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ‘ਚੋਂ ਇਕ ਦੋਸ਼ੀ ਸਲਮਾਨ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ‘ਚ ਜੇਲ ਭੇਜ ਦਿੱਤਾ ਗਿਆ। ਮਾਮਲੇ ਦੀ ਜਾਂਚ ਜਾਰੀ ਹੈ। ਹੋਰ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।