ਪਾਰਕਿੰਗ ਨੂੰ ਲੈ ਕੇ ਦੁਕਾਨਦਾਰਾਂ ਵਿਚਾਲੇ ਹੱਥੋਪਾਈ, ਇੱਕ-ਦੂਜੇ ਉੱਤੇ ਕੀਤਾ ਹਮਲਾ

89

ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿਚ ਪਾਰਕਿੰਗ ਦੇ ਇੱਕ ਛੋਟੇ ਜਿਹੇ ਵਿਵਾਦ ਨੇ ਦੋ ਦੁਕਾਨਦਾਰਾਂ ਵਿਚ ਜ਼ਬਰਦਸਤ ਝਗੜੇ ਦਾ ਰੂਪ ਧਾਰ ਲਿਆ। ਘਟਨਾ ਵਿੱਚ ਇੱਕ ਦੁਕਾਨਦਾਰ ਨੇ ਦੂਸਰੇ ਦੁਕਾਨਦਾਰ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਹ ਪੂਰੀ ਘਟਨਾ ਇਲਾਕੇ ਦੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜੋ ਹੁਣ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆ ਰਹੀ ਹੈ।

ਜਾਣਕਾਰੀ ਅਨੁਸਾਰ, ਇਕ ਗਾਹਕ ਵੱਲੋਂ ਗੱਡੀ ਫੁੱਟਪਾਥ ਕੋਲ ਪਾਰਕ ਕੀਤੀ ਗਈ ਸੀ। ਫੁੱਟਪਾਥ ਦੇ ਨਾਲ ਇੱਕ ਦੁਕਾਨ ਦੇ ਬਾਹਰ ਲੱਗੇ ਐਂਗਲ ਨਾਲ ਟਕਰਾਉਣ ਕਰਕੇ ਗੱਡੀ ਦਾ ਟਾਇਰ ਫੱਟ ਗਿਆ। ਗੱਡੀ ਸਵਾਰ ਨੇ ਸਮਝੌਤੇ ਲਈ ਦੁਕਾਨਦਾਰਾਂ ਨਾਲ ਗੱਲ ਕਰਨੀ ਚਾਹੀ, ਪਰ ਇਸੇ ਦੌਰਾਨ ਦੋਵਾਂ ਵਿਚ ਗੱਲਬਾਤ ਤਣਾਅਪੂਰਨ ਹੋ ਗਈ।

ਸਮਝਾਉਣ ਦੀ ਕੋਸ਼ਿਸ਼ ਦੇ ਬਾਵਜੂਦ, ਇੱਕ ਦੁਕਾਨਦਾਰ ਨੇ ਅਚਾਨਕ ਤੇਜ਼ਧਾਰ ਹਥਿਆਰ ਨਾਲ ਦੂਸਰੇ ਉੱਤੇ ਹਮਲਾ ਕਰ ਦਿੱਤਾ। ਹਮਲੇ ਕਾਰਨ ਜ਼ਖਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਨੂੰ ਜਲਦ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਲੋਕ ਘਟਨਾ ਤੋਂ ਹੈਰਾਨ ਹਨ ਕਿ ਇੱਕ ਛੋਟੀ ਗੱਲ ਨੇ ਇੰਨਾ ਵੱਡਾ ਰੂਪ ਧਾਰ ਲਿਆ।