ਮਲੇਰਕੋਟਲਾ ਦੇ ਸਲਾਮਾ ਏਰੀਆ ਵਿੱਚ ਰਹਿ ਰਹੇ ਗਰੀਬ ਝੁੱਗੀ ਝੋਪੜੀ ਵਾਸੀਆਂ ਲਈ ਪਿਛਲੇ ਦਿਨੀਂ ਇੱਕ ਅਜੀਬ ਤੇ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ। ਇਥੇ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਪਿਛੜੇ ਵਰਗ ਦੇ ਲੋਕਾਂ ਨੂੰ ਇੱਕ ਅਣਜਾਣੇ ਤਰੀਕੇ ਨਾਲ ਨੋਟਿਸ ਚਿਪਕਾਦਿੱਤਾ ਗਿਆ ਹੈ, ਜਿਸ ਵਿੱਚ ਲਿਖਿਆ ਗਿਆ, \“ਜਾਨ ਮਾਲ ਦੇ ਜਿੰਮੇਵਾਰ ਤੁਸੀਂ ਖੁਦ ਹੋਵੋਗੇ, ਜਗ੍ਹਾ ਖਾਲੀ ਕਰ ਦਵੋ।\”
ਇਹ ਨੋਟਿਸ ਆਪਣੀ ਧਮਕੀ ਭਰੀ ਭਾਸ਼ਾ ਕਰਕੇ ਨਾਂ ਸਿਰਫ਼ ਝੁੱਗੀ ਵਾਸੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਿਹਾ ਹੈ, ਸਗੋਂ ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਇਸ ਦੀ ਨਿੰਦਾ ਕਰਦਿਆਂ ਪ੍ਰਸ਼ਾਸਨ ਤੋਂ ਸਵਾਲ ਕੀਤੇ ਹਨ। ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਬੇਘਰ ਨਾ ਕੀਤਾ ਜਾਵੇ ਅਤੇ ਜੇਕਰ ਜਗ੍ਹਾ ਖਾਲੀ ਕਰਵਾਈ ਜਾਂਦੀ ਹੈ ਤਾਂ ਬਦਲੇ ਵਿੱਚ ਉਨ੍ਹਾਂ ਨੂੰ ਵਸਣ ਲਈ ਹੋਰ ਢੁਕਵੀਂ ਥਾਂ ਦਿੱਤੀ ਜਾਵੇ।
ਇਸ ਮੁੱਦੇ ‘ਤੇ ਸਮਾਜ ਸੇਵਕਾਂ ਨੇ ਕਿਹਾ ਕਿ ਇਹ ਲੋਕ ਪੀੜੀ ਦਰ ਪੀੜੀ ਇੱਥੇ ਰਹਿ ਰਹੇ ਹਨ ਅਤੇ ਆਪਣੀ ਰੋਜ਼ੀ-ਰੋਟੀ ਮਿਹਨਤ ਮਜ਼ਦੂਰੀ ਕਰਕੇ ਕਮਾਂਦੇ ਹਨ। ਅਚਾਨਕ ਨੋਟਿਸ ਦੇ ਕੇ ਉਨ੍ਹਾਂ ਨੂੰ ਬੇਘਰ ਕਰਨ ਦੀ ਕੋਸ਼ਿਸ਼ ਇਕ ਵੱਡਾ ਅਨਿਆਇਕ ਕਦਮ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਲਾਕੇ ਵਿੱਚ ਇੱਕ ਹੋਰ ਖਾਲੀ ਪਲਾਟ ਮੌਜੂਦ ਹੈ ਜਿਸ ਨੂੰ ਵਿਭਾਗ ਆਪਣੀ ਲੋੜ ਮੁਤਾਬਕ ਵਰਤ ਸਕਦਾ ਹੈ, ਪਰ ਗਰੀਬ ਪਰਿਵਾਰਾਂ ਨੂੰ ਉਥੋਂ ਹਟਾ ਕੇ ਧਮਕੀ ਦੇਣੀ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ।
ਸਮਾਜ ਸੇਵਕਾਂ ਨੇ ਨੋਟਿਸ ਵਿੱਚ ਲਿਖੀਆਂ ਲਾਈਨਾਂ ‘ਤੇ ਗੰਭੀਰ ਇਤਰਾਜ਼ ਜਤਾਇਆ ਹੈ ਅਤੇ ਕਿਹਾ ਹੈ ਕਿ ਜਿਸ ਅਧਿਕਾਰੀ ਨੇ ਇਹ ਲਿਖਤ ਤਿਆਰ ਕਰਵਾਈ ਹੈ, ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਅਜਿਹਾ ਨੋਟਿਸ ਬੋਰਡ ਇਲਾਕੇ ਵਿੱਚ ਪਹਿਲਾਂ ਕਦੇ ਵੀ ਨਹੀਂ ਲਾਇਆ ਗਿਆ, ਅਤੇ ਇਹ ਇਕ ਮਨਮਾਨੀ ਅਤੇ ਅਨੈਤਿਕ ਚਲਣ ਹੈ ਜਿਸਦਾ ਵਿਰੋਧ ਕੀਤਾ ਜਾਵੇਗਾ।














