ਮਹਿਲਾ ਪੁਲਿਸ ਅਫਸਰ ਦੀ ਹੱਤਿਆ ਮਾਮਲੇ ਵਿਚ ਇੰਸਪੈਕਟਰ ਨੂੰ ਉਮਰ ਕੈਦ

61

ਸਾਲ 2016 ਵਿਚ ਅਸਿਸਟੈਂਟ ਪੁਲਿਸ ਇੰਸਪੈਕਟਰ (ਏਪੀਆਈ) ਅਸ਼ਵਨੀ ਬਿਦਰੇ-ਗੋਰ ਦੇ ਕਤਲ ਮਾਮਲੇ ਵਿਚ ਬਰਖਾਸਤ ਇੰਸਪੈਕਟਰ ਅਭੈ ਕੁਰੂੰਦਕਰ (52) ਨੂੰ ਸੋਮਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਮੰਨਿਆ ਕਿ ਉਸ ਨੇ ਅਸ਼ਵਨੀ ਦਾ ਕਤਲ ਕੀਤਾ, ਉਸ ਦੀ ਲਾਸ਼ ਨੂੰ ਟੁਕੜਿਆਂ ਵਿੱਚ ਕੱਟਿਆ ਅਤੇ ਉਨ੍ਹਾਂ ਨੂੰ ਟਿਕਾਣੇ ਲਗਾ ਦਿੱਤਾ ਸੀ।

ਦੱਸ ਦਈਏ ਕਿ ਪਿਛਲੇ ਹਫ਼ਤੇ ਹੀ ਉਸ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਹਾਲਾਂਕਿ ਅਸ਼ਵਨੀ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਹੈ, ਪਰ ਪਨਵੇਲ ਸੈਸ਼ਨ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਲਾਸ਼ ਨਾ ਮਿਲਣਾ ਦੋਸ਼ੀ ਨੂੰ ਬਰੀ ਕਰਨ ਦਾ ਆਧਾਰ ਨਹੀਂ ਹੋ ਸਕਦਾ। ਹਾਲਾਂਕਿ, ਅਦਾਲਤ ਨੇ ਇਹ ਵੀ ਕਿਹਾ ਕਿ ਇਹ ਮਾਮਲਾ ‘ਦੁਰਲੱਭ ਤੋਂ ਦੁਰਲੱਭ’ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ, ਇਸ ਲਈ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਸਰਕਾਰੀ ਵਕੀਲ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ।
ਮੁੰਬਈ ਪੁਲਿਸ ‘ਤੇ ਉੱਠੇ ਸਵਾਲ
ਅਦਾਲਤ ਨੇ ਨਵੀਂ ਮੁੰਬਈ ਪੁਲਿਸ ਉਤੇ ਵੀ ਸਵਾਲ ਉਠਾਏ। ਜੱਜ ਕੇਜੀ ਪਾਲਦੇਵਾਰ ਨੇ ਕਿਹਾ ਕਿ ਪੁਲਿਸ ਨੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਅਤੇ ਪੂਰੀ ਪੁਲਿਸ ਮਸ਼ੀਨਰੀ ਦੋਸ਼ੀਆਂ ਦੇ ਨਾਲ ਖੜ੍ਹੀ ਸੀ। ਅਦਾਲਤ ਨੇ ਦੋ ਅਧਿਕਾਰੀਆਂ, ਅਨਿਲ ਸੁਰਵੇਸ ਅਤੇ ਕੋਂਡੀਰਾਮ ਪੋਪਰੇ ਉਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਪੁਲਿਸ ਕਮਿਸ਼ਨਰ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ।
ਇਸ ਮਾਮਲੇ ਵਿਚ ਕੁਰੁੰਦਕਰ ਦੇ ਦੋ ਸਾਥੀਆਂ, ਡਰਾਈਵਰ ਕੁੰਦਨ ਭੰਡਾਰੀ ਅਤੇ ਦੋਸਤ ਮਹੇਸ਼ ਫਾਲਨੀਕਰ ਨੂੰ ਲਾਸ਼ ਦੇ ਟੁਕੜਿਆਂ ਦੇ ਨਿਪਟਾਰੇ ਵਿੱਚ ਮਦਦ ਕਰਨ ਲਈ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਸ਼ਵਨੀ ਦੇ ਭਰਾ ਨੇ ਜੁਲਾਈ 2016 ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਪਰ ਐਫਆਈਆਰ ਜਨਵਰੀ 2017 ਵਿੱਚ ਦਰਜ ਕੀਤੀ ਗਈ ਸੀ ਅਤੇ ਕੁਰੁੰਦਕਰ ਨੂੰ ਦਸੰਬਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ।
ਅਸ਼ਵਨੀ ਤੇ ਕੁਰੁੰਦਕਰ ਵਿਚਕਾਰ ਨਾਜਾਇਜ਼ ਸਬੰਧ
ਅਦਾਲਤ ਨੇ ਸਵੀਕਾਰ ਕੀਤਾ ਕਿ ਅਸ਼ਵਨੀ ਅਤੇ ਕੁਰੁੰਦਕਰ ਵਿਚਕਾਰ ਨਾਜਾਇਜ਼ ਸਬੰਧ ਸਨ ਅਤੇ ਉਹ ਉਸ ‘ਤੇ ਵਿਆਹ ਲਈ ਦਬਾਅ ਪਾ ਰਹੀ ਸੀ। ਇਸੇ ਕਾਰਨ ਉਸ ਨੇ ਕਤਲ ਦੀ ਸਾਜ਼ਿਸ਼ ਰਚੀ। ਲਾਸ਼ ਨਾ ਮਿਲਣ ਦੇ ਬਾਵਜੂਦ ਹਾਲਾਤ ਅਤੇ ਸਬੂਤ ਇੰਨੇ ਮਜ਼ਬੂਤ ​​ਸਨ ਕਿ ਦੋਸ਼ ਸਾਬਤ ਹੋ ਗਿਆ।
ਇਸਤਗਾਸਾ ਪੱਖ ਦੇ ਅਨੁਸਾਰ, ਕੁਰੁੰਦਕਰ ਨੇ ਆਪਣੇ ਘਰ ਵਿੱਚ ਤਿੰਨ ਹੋਰ ਲੋਕਾਂ ਦੀ ਮਦਦ ਨਾਲ ਅਸ਼ਵਨੀ ਦੀ ਹੱਤਿਆ ਕੀਤੀ, ਲਾਸ਼ ਦੇ ਟੁਕੜੇ ਕੀਤੇ, ਉਨ੍ਹਾਂ ਨੂੰ ਫਰਿੱਜ ਵਿੱਚ ਰੱਖਿਆ ਅਤੇ ਫਿਰ ਉਨ੍ਹਾਂ ਨੂੰ ਭਯੰਦਰ ਖਾੜੀ ਵਿੱਚ ਸੁੱਟ ਦਿੱਤਾ। ਹੁਣ ਕੁਰੂੰਦਕਰ ਦੇ ਵਕੀਲ ਹਾਈ ਕੋਰਟ ਵਿੱਚ ਅਪੀਲ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਦੌਰਾਨ, ਅਸ਼ਵਨੀ ਦੇ ਪਤੀ ਨੇ ਕਿਹਾ ਕਿ ਉਹ ਪੁਲਿਸ ਅਧਿਕਾਰੀਆਂ ਵਿਰੁੱਧ ਸੁਤੰਤਰ ਜਾਂਚ ਦੀ ਮੰਗ ਕਰਦੇ ਹੋਏ ਹਾਈ ਕੋਰਟ ਜਾਣਗੇ।