ਮੂਸੇਵਾਲਾ ਦੇ ਮਾਪਿਆਂ ਦਾ ਐੱਸ ਐੱਸ ਪੀ ਦਫ਼ਤਰ ਅੱਗੇ ਧਰਨਾ

6

Sell-Aid Desk 24/7- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਬਣਾਈਆਂ ਕੰਪਨੀਆਂ ਤੋਂ ਬਕਾਏ ਨਾ ਮਿਲਣ ’ਤੇ ਪੁਲੀਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਨੂੰ ਲੈ ਕੇ ਉਸ ਦੇ ਬਜ਼ੁਰਗ ਮਾਪਿਆਂ ਨੇ ਅੱਜ ਇਥੇ ਐੱਸ ਐੱਸ ਪੀ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ। ਦਫ਼ਤਰ ਦੇ ਬਾਹਰ ਫਰਸ਼ ’ਤੇ ਬੈਠੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਮਾਤਾ ਚਰਨ ਕੌਰ ਛੋਟੇ ਮੂਸੇਵਾਲਾ (ਬੱਚਾ) ਨੂੰ ਨਾਲ ਲੈ ਕੇ ਪੁਲੀਸ ’ਤੇ ਵਰ੍ਹੇ। ਇਹ ਧਰਨਾ ਉਸ ਸਮੇਂ ਲਾਇਆ ਗਿਆ ਜਦੋਂ ਬਠਿੰਡਾ ਰੇਂਜ ਦੇ ਡੀ ਆਈ ਜੀ ਹਰਜੀਤ ਸਿੰਘ ਇੱਥੇ ਐੱਸ ਐੱਸ ਪੀ ਦਫ਼ਤਰ ’ਚ ਪ੍ਰੈੱਸ ਕਾਨਫਰੰਸ ਕਰ ਰਹੇ ਸਨ।

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ 8 ਜੂਨ 2025 ਨੂੰ ਉਨ੍ਹਾਂ ਨੇ ਬਕਾਏ ਲੈਣ ਦੇ ਮਾਮਲੇ ਵਿੱਚ ਉਨ੍ਹਾਂ ਦੇ ਪੁੱਤਰ ਵੱਲੋਂ ਬਣਾਈਆਂ ਕੰਪਨੀਆਂ ਦੇ ਪ੍ਰਬੰਧਕਾਂ ’ਤੇ ਕਾਰਵਾਈ ਕਰਨ ਸਬੰਧੀ ਡੀ ਜੀ ਪੀ ਪੰਜਾਬ ਨੂੰ ਦਰਖਾਸਤ ਦਿੱਤੀ ਸੀ, ਉਹ ਦਰਖਾਸਤ ਮਾਰਕ ਹੋ ਕੇ ਮਾਨਸਾ ਪੁਲੀਸ ਕੋਲ ਪਹੁੰਚੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ 6 ਮਹੀਨਿਆਂ ਵਿਚ ਉਸ ਫਾਈਲ ’ਤੇ ਕੰਮ ਕਰਨਾ ਤਾਂ ਦੂਰ, ਬਲਕਿ ਉਸ ਨੂੰ ਹੱਥ ਤੱਕ ਨਹੀਂ ਲਾਇਆ। ਉਨ੍ਹਾਂ ਕਿਹਾ ਕਿ ਕੰਪਨੀਆਂ ਦੇ ਪ੍ਰਬੰਧਕਾਂ ਵੱਲ ਉਨ੍ਹਾਂ ਦੇ ਮਰਹੂਮ ਪੁੱਤਰ ਦੀ ਕਮਾਈ ਦੇ ਪੈਸੇ ਖੜ੍ਹੇ ਹਨ, ਪਰ ਉਹ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਪੂਰੇ ਤੱਥਾਂ, ਦਸਤਾਵੇਜ਼ਾਂ ਅਤੇ ਰਿਕਾਰਡ ਸਮੇਤ ਉਨ੍ਹਾਂ ਪੁਲੀਸ ਨੂੰ ਸਭ ਕੁੱਝ ਸੌਂਪਿਆ ਹੋਇਆ ਹੈ, ਪਰ ਮਾਨਸਾ ਪੁਲੀਸ ਇਸ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਪਹਿਲਾਂ ਪੁੱਤਰ ਦੇ ਕਤਲ ਦਾ ਇਨਸਾਫ ਲੈਣ ਲਈ, ਹੁਣ ਆਪਣੇ ਪੁੱਤ ਦੀ ਕਮਾਈ ਦੀ ਰਕਮ ਲੈਣ ਲਈ ਉਹ ਧੱਕੇ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨਸਾ ਪੁਲੀਸ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਰਹੀ। ਮਰਹੂਮ ਮੂਸੇਵਾਲਾ ਦੇ ਮਾਪਿਆਂ ਨੇ ਪੰਜਾਬ ਸਰਕਾਰ ਖਿਲਾਫ਼ ਰੱਜ ਕੇ ਭੜਾਸ ਕੱਢੀ ਅਤੇ ਕਿਹਾ ਕਿ ਗੈਂਗਸਟਰਾਂ ਨੂੰ ਦਿੱਲੀ ਪੁਲੀਸ ਨੇ ਫੜਿਆ, ਪੰਜਾਬ ਪੁਲੀਸ ਨੇ ਭਜਾ ਦਿੱਤਾ। ਇਸੇ ਦੌਰਾਨ ਡੀ ਆਈ ਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੇ ਉਨ੍ਹਾਂ ਨੂੰ ਦਫ਼ਤਰ ਬੁਲਾ ਕੇ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਦਰਖਾਸਤ ’ਤੇ ਪੁਲੀਸ ਵਲੋਂ ਜਲਦੀ ਕਾਰਵਾਈ ਕੀਤੀ ਜਾਵੇਗੀ।