ਰਮਜ਼ਾਨ ਦਾ ਪਵਿੱਤਰ ਮਹੀਨਾ ਦੇਸ਼ ਤੇ ਦੁਨੀਆਂ ਭਰ ਵਿੱਚ ਚੱਲ ਰਿਹਾ ਹੈ। ਜੇ ਪੰਜਾਬ ਦੇ ਮਲੇਰਕੋਟਲਾ ਜਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਇਸ ਰਮਜ਼ਾਨ ਦੇ ਮਹੀਨੇ ਵਿੱਚ ਭਾਈਚਾਰਕ ਸਾਂਝ ਅਕਸਰ ਵੇਖਣ ਨੂੰ ਮਿਲਦੀ ਹੈ। ਜਿੱਥੇ ਸਾਰੇ ਹੀ ਧਰਮਾਂ ਦੇ ਲੋਕ ਇੱਕ ਦੂਸਰੇ ਦੇ ਨਾਲ ਮਿਲ ਜੁਲ ਕੇ ਰੋਜ਼ਾ ਇਫਤਾਰ ਕਰਦੇ ਹਨ। ਰੋਜ਼ਾ ਇਫਤਾਰ ਪਾਰਟੀਆਂ ਦਾ ਵੀ ਬੜਾ ਸਿਲਸਿਲਾ ਜਾਰੀ ਰਹਿੰਦਾ ਹੈ।
ਇਸ ਦੇ ਚਲਦਿਆਂ ਸਿੱਖ ਮੁਸਲਿਮ ਸਾਂਝਾ ਨਾਮਕ ਸੰਸਥਾ ਦੇ ਮੁਖੀ ਡਾਕਟਰ ਨਸੀਰਾ ਅਖਤਰ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਵੀ ਜਿਲ੍ਹਾ ਸੰਗਰੂਰ ਦੇ ਪਿੰਡ ਜੈਨਪੁਰ ਦੇ ਗੁਰੂਘਰ ਵਿਖੇ ਰੋਜ਼ਾ ਇਫਤਾਰ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਗਏ, ਜਿੱਥੇ ਕਿ ਪਿੰਡ ਦੇ ਭਾਈਚਾਰੇ ਵੱਲੋਂ ਲੰਗਰ ਹਾਲ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਰੋਜ਼ਾ ਖੁਲਵਾਉਣ ਲਈ ਵੱਖੋ-ਵੱਖ ਤਰ੍ਹਾਂ ਦੇ ਖਾਣੇ ਬਣਾਏ ਗਏ ਅਤੇ ਜਿੱਥੇ ਪੰਕਤੀਆਂ ਵਿੱਚ ਬੈਠ ਕੇ ਸਾਰਿਆਂ ਵੱਲੋਂ ਇਕੱਠਿਆਂ ਖਾਣਾ ਖਾ ਕੇ ਰੋਜ਼ਾ ਖੋਲਿਆ ਗਿਆ।
ਇਸ ਮੌਕੇ ਜਿੱਥੇ ਡਾਕਟਰ ਨਸੀਰ ਅਖਤਰ ਵੱਲੋਂ ਰੋਜ਼ੇ ਦੀ ਅਹਿਮੀਅਤ ਲੋਕਾਂ ਨੂੰ ਸਮਝਾਈ ਉੱਥੇ ਹੀ ਕਿਹਾ ਕਿ ਹਰ ਧਰਮ ਤੋਂ ਪਹਿਲਾਂ ਇਨਸਾਨੀਅਤ ਹੈ। ਜਿਸ ਨੂੰ ਕਿ ਜਿੰਦਾ ਰੱਖਣਾ ਹਰ ਇੱਕ ਵਿਅਕਤੀ ਦਾ ਫਰਜ਼ ਹੈ ਅਤੇ ਸਾਰਿਆਂ ਨੂੰ ਮਿਲ ਜੁਲ ਕੇ ਹੀ ਰਹਿਣਾ ਚਾਹੀਦਾ ਹੈ। ਉਧਰ ਇਸ ਮੌਕੇ ਇਸ ਗੁਰੂਘਰ ਦੇ ਹੈਡ ਗ੍ਰੰਥੀ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਵੀ ਕਿਹਾ ਕਿ ਭਾਈਚਾਰਕ ਸਾਂਝ ਸਭ ਤੋਂ ਪਹਿਲਾਂ ਹੈ ਅਤੇ ਉਹਨਾਂ ਵੱਲੋਂ ਮਿਲ ਕੇ ਖਾਣਾ ਖਾਦਾ ਗਿਆ ਹੈ ਤੇ ਮੁਸਲਿਮ ਭਾਈਚਾਰੇ ਦਾ ਰੋਜ਼ਾ ਖੁਲਵਾਇਆ ਗਿਆ ਹੈ, ਜਿਸ ਨੂੰ ਲੈ ਕੇ ਉਹ ਬਹੁਤ ਖੁਸ਼ ਨਜ਼ਰ ਆ ਰਹੇ ਹਨ।













