ਲੁਟੇਰਿਆਂ ਨੂੰ ਸਖ਼ਤ ਚਿਤਾਵਨੀ: ਮੋਬਾਈਲ ਫੋਨ ਖੋਹਣ ਦੇ ਮਾਮਲੇ ’ਚ ਅਦਾਲਤ ਦਾ ਵੱਡਾ ਫੈਸਲਾ, ਅਪਰਾਧੀ ਨੂੰ ਸੁਣਾਈ ਪੰਜ ਸਾਲ ਦੀ ਕਠੋਰ ਕੈਦ

44

Sell-Aid Desk 24/7- ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਅੰਮ੍ਰਿਤਸਰ ਸ੍ਰੀਮਤੀ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਮੋਬਾਈਲ ਫੋਨ ਖੋਹਣ ਦੇ ਇਕ ਮਾਮਲੇ ਵਿਚ ਅਪਰਾਧੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਪੰਜ ਸਾਲ ਦੀ ਕਠੋਰ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਆਪਣੇ ਫ਼ੈਸਲੇ ਵਿਚ ਇਹ ਮਹੱਤਵਪੂਰਨ ਅਵਲੋਕਨ ਕੀਤਾ ਕਿ ਫੌਜਦਾਰੀ ਨਿਆਂ ਪ੍ਰਣਾਲੀ ਦਾ ਉਦੇਸ਼ ਕੇਵਲ ਅਪਰਾਧੀ ਨੂੰ ਸਜ਼ਾ ਦੇਣਾ ਹੀ ਨਹੀਂ, ਬਲਕਿ ਪੀੜਤ ਨੂੰ ਇਨਸਾਫ਼ ਪ੍ਰਦਾਨ ਕਰਨਾ ਅਤੇ ਸਮਾਜ ਵਿਚ ਕਾਨੂੰਨ ਪ੍ਰਤੀ ਭਰੋਸਾ ਮੁੜ ਸਥਾਪਿਤ ਕਰਨਾ ਵੀ ਹੈ।

ਪ੍ਰੋਸੀਕਿਊਸ਼ਨ ਦੇ ਮਾਮਲੇ ਅਨੁਸਾਰ ਮਿਤੀ 19.12.2023 ਨੂੰ ਪੁਲਿਸ ਪਾਰਟੀ, ਜਿਸ ਦੀ ਅਗਵਾਈ ਏਐਸਆਈ ਸਵਿੰਦਰ ਪਾਲ ਸਿੰਘ, ਪੁਲਿਸ ਸਟੇਸ਼ਨ ਰਣਜੀਤ ਐਵੀਨਿਊ ਅੰਮ੍ਰਿਤਸਰ ਕਰ ਰਹੇ ਸਨ, ਪੈਟ੍ਰੋਲੰਿਗ ਦੌਰਾਨ ਜਨਤਾ ਵੱਲੋਂ ਉਠਾਈ ਗਈ ਸ਼ੋਰ ਦੀ ਸੂਚਨਾ ਮਿਲਣ ‘ਤੇ ਬੈਸਟ ਵੈਸਟਰਨ ਹੋਟਲ ਅੰਮ੍ਰਿਤਸਰ ਦੇ ਨੇੜੇ ਇਕ ਅਪਰਾਧੀ ਨੂੰ ਕਾਬੂ ਕੀਤਾ। ਫੜੇ ਗਏ ਵਿਅਕਤੀ ਨੇ ਆਪਣਾ ਨਾਮ ਅਜੇ ਡਾਨਾ, ਪਿੰਡ ਥਾਠਾ ਦੱਸਿਆ।

ਜਾਂਚ ਦੌਰਾਨ, ਸ਼ਿਕਾਇਤੀ ਮਰਗਿਮ ਵੈਦ, ਜੋ ਕਿ ਕੇਂਦਰੀ ਬੈਂਕ ਰਣਜੀਤ ਐਵੇਨਿਊ ਅੰਮ੍ਰਿਤਸਰ ਵਿੱਚ ਕਰਮਚਾਰੀ ਹੈ, ਨੇ ਬਿਆਨ ਦਿੱਤਾ ਕਿ ਉਸੇ ਦਿਨ ਸ਼ਾਮ ਲਗਭਗ 6 ਵਜੇ ਡਿਊਟੀ ਸਮਾਪਤ ਕਰਨ ਤੋਂ ਬਾਅਦ ਜਦੋਂ ਉਹ ਪੁਰਾਣੀ ਜੇਲ ਰੋਡ ਵੱਲ ਜਾ ਰਿਹਾ ਸੀ, ਤਦ ਦੋ ਵਿਅਕਤੀ ਮੋਟਰਸਾਈਕਲ ’ਤੇ ਆਏ ਤੇ ਉਸ ਦਾ ਵੀਵੋ ਮੋਬਾਈਲ ਫੋਨ ਖੋਹ ਲਿਆ।

ਸ਼ਿਕਾਇਤੀ ਵੱਲੋਂ ਪਿੱਛੇ ਬੈਠੀ ਸਵਾਰੀ ਨੂੰ ਫੜ ਲਿਆ ਗਿਆ, ਜਿਸ ਨੂੰ ਪੁਲਿਸ ਨੇ ਮੌਕੇ ‘ਤੇ ਹੀ ਕਾਬੂ ਕਰਕੇ ਥਾਣੇ ਲਿਆਂਦਾ, ਜਦਕਿ ਦੂਜਾ ਅਪਰਾਧੀ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸ਼ਿਕਾਇਤ ਦੇ ਅਧਾਰ ‘ਤੇ ਐਫਆਈਆਰ ਨੰਬਰ 253 ਮਿਤੀ 19.12.2023, ਧਾਰਾ 379-ਬੀ, 34 ਅਤੇ 411 ਆਈਪੀਸੀ ਤਹਿਤ, ਪੁਲਿਸ ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਚ ਦਰਜ ਕੀਤੀ ਗਈ। ਜਾਂਚ ਅਤੇ ਮੁਕੱਦਮੇ ਦੀ ਪੂਰੀ ਕਾਰਵਾਈ ਪੂਰਣ ਹੋਣ ਉਪਰੰਤ ਅਦਾਲਤ ਨੇ ਅਪਰਾਧੀ ਨੂੰ ਦੋਸ਼ੀ ਕਰਾਰ ਦਿੱਤਾ। ਸਜ਼ਾ ਸੁਣਾਉਂਦੇ ਸਮੇਂ ਅਦਾਲਤ ਨੇ ਇਹ ਜ਼ੋਰ ਦੇ ਕੇ ਕਿਹਾ ਕਿ ਨਿਆਂ ਦਾ ਮਕਸਦ ਪੀੜਤ ਦੇ ਨੁਕਸਾਨ ਦੀ ਪੂਰਤੀ ਕਰਨਾ ਅਤੇ ਕਾਨੂੰਨ ਦੇ ਰਾਜ ਨੂੰ ਕਾਇਮ ਰੱਖਣਾ ਹੈ, ਤਾਂ ਜੋ ਕਾਨੂੰਨ-ਮੰਨਣ ਵਾਲੇ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਇਸ ਪ੍ਰਕਾਰ ਅਦਾਲਤ ਵੱਲੋਂ ਅਪਰਾਧੀ ਨੂੰ ਪੰਜ ਸਾਲ ਦੀ ਕਠੋਰ ਕੈਦ ਦੀ ਸਜ਼ਾ ਸੁਣਾਈ ਗਈ।