ਸਤਲੁਜ ਦਰਿਆ ਦੇ ਪੁਲ ’ਤੇ ਐਕਸੀਡੈਂਟ ਤੋਂ ਬਾਅਦ ਨੈਸ਼ਨਲ ਹਾਈਵੇ ‘ਤੇ ਲੱਗਾ 2 ਕਿ. ਮੀ. ਲੰਮਾ ਜਾਮ

44

ਜਲੰਧਰ-ਲੁਧਿਆਣਾ ਜੀ. ਟੀ. ਰੋਡ ‘ਤੇ ਸਤਲੁਜ ਦਰਿਆ ‘ਤੇ ਬਣੇ ਪੁਲ ਉੱਪਰ ਅੱਜ 2 ਵਾਹਨਾਂ ਦੇ ਵਿਚਾਲੇ ਹੋਈ ਟੱਕਰ ਤੋਂ ਬਾਅਦ ਨੈਸ਼ਨਲ ਹਾਈਵੇ ‘ਤੇ 2 ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ। ਜਾਣਕਾਰੀ ਦਿੰਦੇ ਹੋਏ ਟੋਲ ਪਲਾਜ਼ਾ ਦੇ ਮੈਨੇਜ਼ਰ ਦੀਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਨੂੰ ਜਲੰਧਰ ਲੁਧਿਆਣਾ ਨੈਸ਼ਨਲ ਹਾਈਵੇ ਉੱਪਰ ਸਤਲੁਜ ਦਰਿਆ ‘ਤੇ 2 ਕਾਰਾਂ ਵਿਚਾਲੇ ਟੱਕਰ ਹੋ ਗਈ, ਜਿਸ ਤੋਂ ਬਾਅਦ ਦੋਵੇਂ ਵਾਹਨਾਂ ਚਾਲਕ ਪੁਲਦੇ ਉੱਪਰ ਆਪਣੇ ਵਾਹਨ ਖੜ੍ਹੇ ਕਰ ਕੇ ਆਪਸ ‘ਚ ਬਹਿਸ਼ਬਾਜ਼ੀ ਕਰਨ ਲੱਗ ਗਏ ਅਤੇ ਪੁਲਸ ਦਾ ਇੰਤਜ਼ਾਰ ਕਰਨ ਲੱਗੇ। ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਨੈਸ਼ਨਲ ਹਾਈਵੇ ‘ਤੇ ਭਾਰੀ ਜਾਮ ਲੱਗ ਗਿਆ।

ਉਨ੍ਹਾਂ ਦੱਸਿਆ ਇਸ ਤੋਂ ਬਾਅਦ ਉਨ੍ਹਾਂ ਨੇ ਉਕਤ ਐਕਸੀਡੈਂਟ ਦੀ ਸੂਚਨਾ ਸਬੰਧਤ ਪੁਲਸ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਨੇ ਸਤਲੁਜ ਦਰਿਆ ਉੱਪਰ ਹਾਦਸਾਗ੍ਰਸਤ ਵਾਹਨਾਂ ਨੂੰ ਪੁਲ ਤੋਂ ਹਟਾਇਆ ਗਿਆ, ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ‘ਤੇ ਲੱਗੇ ਜਾਮ ਨੂੰ ਹਟਾਇਆ ਗਿਆ।

ਉਕਤ ਹਾਦਸੇ ਤੋਂ ਬਾਅਦ ਟੋਲ ਪਲਾਜ਼ਾ ‘ਤੇ ਕਰੀਬ 2 ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ, ਜਿਸ ਕਾਰਨ ਟੋਲ ਪਲਾਜ਼ਾ ਦੀਆਂ ਸਾਰੀਆਂ ਲਾਈਨਾਂ ਬੁਰੀ ਤਰ੍ਹਾਂ ਨਾਲ ਜਾਮ ਹੋ ਗਈਆਂ।
ਟੋਲ ਪਲਾਜ਼ਾ ਮੈਨੇਜਰ ਨੇ ਦੱਸਿਆ ਕਿ ਜਦ ਤੱਕ ਟ੍ਰੈਫਿਕ ਜਾਮ ਲੱਗਾ ਰਿਹਾ, ਉਦੋਂ ਤੱਕ ਉਨ੍ਹਾਂ ਨੇ ਕਿਸੇ ਵੀ ਵਾਹਨ ਚਾਲਕ ਤੋਂ ਟੋਲ ਦੀ ਵਸੂਲੀ ਨਹੀਂ ਕੀਤੀ ਗਈ।