ਅਮਰੀਕਾ ਤੋਂ ਡਿਪੋਰਟ ਹੋ ਕੇ ਪੁੱਜੇ ਦੋ ਨੌਜਵਾਨਾਂ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ

26

ਅਮਰੀਕਾ ਤੋਂ ਡਿਪੋਰਟ ਕੀਤਾ ਦੂਜਾ ਜੱਥਾ ਸ਼ਨੀਵਾਰ ਰਾਤ ਅਤੇ ਤੀਜਾ ਜੱਥਾ ਐਤਵਾਰ ਨੂੰ ਅੰਮ੍ਰਿਤਸਰ ਦੇ ਏਅਰ ਪੋਰਟ ਉਤੇ ਪੁੱਜਿਆ। ਇਨ੍ਹਾਂ ਵਿਚੋਂ ਲੁਧਿਆਣਾ ਦੇ ਸਸਰਾਲੀ ਕਲੋਨੀ ਇਲਾਕੇ ਦੇ ਮੇਹਰਬਾਨ ਦੇ ਰਹਿਣ ਵਾਲੇ 26 ਸਾਲਾ ਗੁਰਵਿੰਦਰ ਸਿੰਘ ਨੂੰ ਅਮਰੀਕਾ ਨੇ ਦੂਜੇ ਬੈਚ ਵਿੱਚ ਡਿਪੋਰਟ ਕਰ ਦਿੱਤਾ ਸੀ। ਜਿਵੇਂ ਹੀ ਗੁਰਵਿੰਦਰ ਨੂੰ ਡਿਪੋਰਟ ਕੀਤਾ ਗਿਆ ਅਤੇ ਉਹ ਪੰਜਾਬ ਪਹੁੰਚਿਆ, ਉਸਨੂੰ ਦੇਰ ਰਾਤ ਜਮਾਲਪੁਰ ਪੁਲਿਸ ਸਟੇਸ਼ਨ ਨੇ ਗ੍ਰਿਫ਼ਤਾਰ ਕਰ ਲਿਆ। ਗੁਰਵਿੰਦਰ ਖ਼ਿਲਾਫ਼ ਸਨੈਚਿੰਗ ਦੇ ਮਾਮਲੇ ਦਰਜ ਹਨ।

ਗੁਰਵਿੰਦਰ ਸਿੰਘ ਉਤੇ ਦੋ ਸਨੈਚਿੰਗ ਮਾਮਲੇ ਅਤੇ ਇੱਕ ਹੋਰ ਗੰਭੀਰ ਮਾਮਲਾ ਸ਼ਾਮਲ ਹੈ। ਪੁਲਿਸ ਨੇ ਉਸਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਨੂੰ ਨਿਆਂਇਕ ਹਿਰਾਸਤ (ਜੇਲ੍ਹ) ਭੇਜ ਦਿੱਤਾ ਗਿਆ। ਪੁਲਿਸ ਅਨੁਸਾਰ  ਤਿੰਨ ਮਾਮਲਿਆਂ ਵਿੱਚ ਲੋੜੀਂਦੇ ਗੁਰਵਿੰਦਰ ਸਿੰਘ ਵਿਰੁੱਧ ਲੁਧਿਆਣਾ ਵਿੱਚ ਦੋ ਸਨੈਚਿੰਗ ਦੇ ਮਾਮਲੇ ਦਰਜ ਸਨ, ਜਦੋਂ ਕਿ ਤੀਜਾ ਮਾਮਲਾ ਫਰੀਦਕੋਟ ਜ਼ਿਲ੍ਹੇ ਵਿੱਚ ਦਰਜ ਸੀ।

ਗੁਰਿੰਦਰ ਸਿੰਘ ਇੱਕ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਫਰਾਰ ਹੋ ਗਿਆ ਸੀ, ਜਿਸ ਕਾਰਨ ਉਸਨੂੰ ਜ਼ਮਾਨਤ ਜੰਪਰ ਐਲਾਨ ਦਿੱਤਾ ਗਿਆ ਸੀ। ਫਰੀਦਕੋਟ ਵਿੱਚ ਦਰਜ ਮਾਮਲੇ ਵਿੱਚ ਅਦਾਲਤ ਨੇ ਉਸਨੂੰ ਭਗੌੜਾ ਅਪਰਾਧੀ ਐਲਾਨ ਦਿੱਤਾ ਸੀ। ਗੁਰਵਿੰਦਰ ਸਿੰਘ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੁਲਿਸ ਹੁਣ ਉਸਦੇ ਅਪਰਾਧਿਕ ਰਿਕਾਰਡ ਅਤੇ ਉਸਦੇ ਅਮਰੀਕਾ ਜਾਣ ਦੀ ਪ੍ਰਕਿਰਿਆ ਦੀ ਵੀ ਜਾਂਚ ਕਰ ਰਹੀ ਹੈ।

ਵਧੇਰੇ ਜਾਣਕਾਰੀ ਦਿੰਦਿਆ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਸੁਮਿਤ ਸੂਦ ਨੇ ਕਿਹਾ ਕਿ ਗੁਰਵਿੰਦਰ ਸਿੰਘ ਨੂੰ ਪਹਿਲਾਂ ਹੀ ਤਿੰਨ ਮਾਮਲਿਆਂ ਵਿੱਚ ਲੋੜੀਂਦਾ ਘੋਸ਼ਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਇੱਕ ਸਾਬਕਾ ਪੁਲਿਸ ਕਾਂਸਟੇਬਲ ਦਾ ਪੁੱਤਰ ਹੈ।

ਇਕ ਹੋਰ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਰਾਜਪੁਰਾ ਦੇ ਸੰਦੀਪ ਸਿੰਘ ਅਤੇ ਪ੍ਰਦੀਪ ਸਿੰਘ ਨੂੰ ਜੂਨ 2023 ਵਿੱਚ ਦਰਜ ਕੀਤੇ ਗਏ ਇੱਕ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪਟਿਆਲਾ ਪੁਲਿਸ ਨੇ ਉਸਨੂੰ ਤਿੰਨ ਦਿਨ ਦੇ ਰਿਮਾਂਡ ‘ਤੇ ਲੈ ਲਿਆ ਹੈ। ਇਹ ਮਾਮਲਾ ਪਟਿਆਲਾ ਦੇ ਮੰਡੋਲੀ ਪਿੰਡ ਦੇ ਹਰਮਨਜੋਤ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ। ਹਰਮਜੋਤ ਨੇ ਸੰਦੀਪ ਸਮੇਤ ਕਈ ਲੋਕਾਂ ‘ਤੇ ਕਤਲ ਦਾ ਦੋਸ਼ ਲਗਾਇਆ ਸੀ। ਬਾਅਦ ਵਿੱਚ, ਸੰਦੀਪ ਦੇ ਚਚੇਰੇ ਭਰਾ ਪ੍ਰਦੀਪ ਨੂੰ ਵੀ ਇਸ ਮਾਮਲੇ ਵਿੱਚ ਸ਼ਾਮਲ ਪਾਇਆ ਗਿਆ ਅਤੇ ਉਸਦਾ ਨਾਮ ਐਫਆਈਆਰ ਵਿੱਚ ਜੋੜਿਆ ਗਿਆ।