Sell-Aid Desk 24/7- ਦੋ ਮਹੀਨਿਆਂ ਲਈ ਜਮਾਤਾਂ ’ਚੋਂ ਮੁਅੱਤਲ, ਹੋਸਟਲ ’ਚੋਂ ਵੀ ਕੱਢਿਆ…..
ਦੇਹਰਾਦੂਨ ਦੇ ਦੂਨ ਮੈਡੀਕਲ ਕਾਲਜ ਦੇ ਨੌਂ ਐਮਬੀਬੀਐਸ ਵਿਦਿਆਰਥੀਆਂ ਨੂੰ ਜੂਨੀਅਰ ਵਿਦਿਆਰਥੀਆਂ ਦੀ ਕਥਿਤ ਰੈਗਿੰਗ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰਨ ਮਗਰੋਂ ਹੋਸਟਲ ਤੋਂ ਕੱਢ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ 2023 ਅਤੇ 2024 ਬੈਚਾਂ ਦੇ ਐਮਬੀਬੀਐਸ ਵਿਦਿਆਰਥੀਆਂ ਵਿਰੁੱਧ ਕਾਰਵਾਈ ਸੋਮਵਾਰ ਨੂੰ ਐਂਟੀ-ਰੈਗਿੰਗ ਕਮੇਟੀ ਦੀ ਜਾਂਚ ਰਿਪੋਰਟ ਵਿੱਚ ਕੀਤੀਆਂ ਗਈਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਕੀਤੀ ਗਈ।
ਕਮੇਟੀ ਨੇ ਉਨ੍ਹਾਂ ਨੂੰ 12 ਜਨਵਰੀ ਨੂੰ ਕਾਲਜ ਦੇ ਹੋਸਟਲ ਵਿੱਚ ਦੋ ਜੂਨੀਅਰ ਵਿਦਿਆਰਥੀਆਂ ’ਤੇ ਹਮਲੇ ਦੀ ਘਟਨਾ ਵਿੱਚ ਦੋਸ਼ੀ ਪਾਇਆ। ਉਨ੍ਹਾਂ ਕਿਹਾ ਕਿ ਦੋ ਵਿਦਿਆਰਥੀਆਂ ਨੂੰ ਦੋ ਮਹੀਨਿਆਂ ਲਈ ਕਲਾਸਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਕੋਰਸ ਦੀ ਪੂਰੀ ਮਿਆਦ ਲਈ ਹੋਸਟਲ ਅਤੇ ਇੰਟਰਨਸ਼ਿਪ ਤੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ’ਤੇ 50-50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੱਤ ਹੋਰ ਸੀਨੀਅਰ ਵਿਦਿਆਰਥੀਆਂ ਨੂੰ ਇੱਕ ਮਹੀਨੇ ਲਈ ਕਲਾਸਾਂ ਤੋਂ ਮੁਅੱਤਲ ਕੀਤਾ ਗਿਆ ਹੈ ਅਤੇ ਤਿੰਨ ਮਹੀਨਿਆਂ ਲਈ ਹੋਸਟਲ ਤੋਂ ਕੱਢ ਦਿੱਤਾ ਹੈ।
ਕਮੇਟੀ ਨੇ ਆਪਣੀ ਜਾਂਚ ਰਿਪੋਰਟ ਦੂਨ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਗੀਤਾ ਜੈਨ ਨੂੰ ਸੌਂਪ ਦਿੱਤੀ ਹੈ। ਡਾ. ਜੈਨ ਨੇ ਕਿਹਾ ਕਿ ਦੂਨ ਮੈਡੀਕਲ ਕਾਲਜ ਇੱਕ ਰੈਗਿੰਗ-ਮੁਕਤ ਕੈਂਪਸ ਹੈ ਅਤੇ ਕਿਸੇ ਵੀ ਹਾਲਤ ਵਿੱਚ ਰੈਗਿੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਜ ਦੇ ਮੈਡੀਕਲ ਸਿੱਖਿਆ ਮੰਤਰੀ ਧਨ ਸਿੰਘ ਰਾਵਤ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਨੂੰ ਇਸ ਘਟਨਾ ਦੀ ਜਾਂਚ ਕਰਨ ਅਤੇ ਅਜਿਹੀ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਜੋ ਭਵਿੱਖ ਲਈ ਇੱਕ ਮਿਸਾਲ ਬਣੇ।














