ਕਣਕ ਦੀ ਖਰੀਦ ਸ਼ੁਰੂ, ਪਰ ਮੰਡੀਆਂ ਸੁੰਨ! ਰਈਆ ਮੰਡੀ ‘ਚ ਕੇਵਲ ਤਿੰਨ ਢੇਰੀਆਂ, ਅਧਿਕਾਰੀਆਂ ਨੇ ਦਿੱਤੇ ਵੱਡੇ ਬਿਆਨ

19

ਇੱਕ ਅਪ੍ਰੈਲ ਤੋਂ ਪੰਜਾਬ ਸਰਕਾਰ ਵਲੋਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਪਰ ਇਸ ਵਾਰ ਜਿਆਦਾਤਰ ਮੰਡੀਆਂ ਵਿੱਚ ਰੌਣਕ ਨਹੀਂ ਦੇਖਣ ਨੂੰ ਮਿਲ ਰਹੀ।

ਇਸ ਦੀ ਵਜ੍ਹਾ ਇਹ ਹੈ ਕਿ ਹਰ ਸਾਲ ਦੀ ਤਰ੍ਹਾਂ, ਮਾਲਵਾ ਖੇਤਰ ਵਿੱਚ ਕਣਕ ਦੀ ਆਮਦ ਹੋਣ ਤੋਂ ਲਗਭਗ ਇਕ ਹਫਤੇ ਬਾਅਦ ਮਾਝੇ ਦੀਆਂ ਮੰਡੀਆਂ ਵਿੱਚ ਕਿਸਾਨ ਆਪਣੀ ਫਸਲ ਲੈ ਕੇ ਆਉਂਦੇ ਹਨ।

ਰਈਆ ਦਾਣਾ ਮੰਡੀ ਦੇ ਮੌਕੇ ਦਾ ਜਾਇਜ਼ਾ ਲੈਣ ਗਏ ਮਾਰਕਿਟ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਕੰਗ ਅਤੇ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਕਿਸਾਨਾਂ ਲਈ ਪਾਣੀ, ਵਾਸ਼ਰੂਮ ਅਤੇ ਸਾਫ਼-ਸਫ਼ਾਈ ਵਰਗੀਆਂ ਸਾਰੀਆਂ ਸੁਵਿਧਾਵਾਂ ਨੂੰ ਪੂਰਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਫਿਲਹਾਲ ਰਈਆ ਮੰਡੀ ਵਿੱਚ ਸਿਰਫ ਤਿੰਨ ਢੇਰੀਆਂ ਆਈਆਂ ਹਨ, ਪਰ ਇਸ ਸੰਬੰਧੀ ਮੌਕਾ ਮੁਆਇਨਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ ਜਾਵੇਗੀ, ਅਤੇ ਫਸਲ ਦੀ ਸੰਭਾਲ ‘ਤੇ ਵੀ ਖਾਸ ਧਿਆਨ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਰਈਆ ਮੰਡੀ ਵਿੱਚ ਹਰ ਸਾਲ ਕਰੀਬ 3.5 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੁੰਦੀ ਹੈ, ਜਦਕਿ ਖਰੀਦ ਏਜੰਸੀਆਂ ਰਾਹੀਂ ਕੁੱਲ 10 ਲੱਖ ਮੀਟਰਿਕ ਟਨ ਤੱਕ ਦੀ ਫਸਲ ਮੰਡੀ ਵਿੱਚ ਆਉਂਦੀ ਹੈ।

ਅੰਤ ਵਿੱਚ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਸੁੱਕੀ ਫਸਲ ਹੀ ਲਿਆਉਣ ਅਤੇ ਵਾਡੀਆਂ ਵਿੱਚ ਕਾਹਲੀ ਨਾ ਕਰਨ, ਕਿਉਂਕਿ ਸਰਕਾਰ ਕਿਸਾਨਾਂ ਦੀ ਫਸਲ ਦੇ ਇੱਕ-ਇੱਕ ਦਾਣੇ ਦੀ ਖਰੀਦ ਯਕੀਨੀ ਬਣਾਏਗੀ ਅਤੇ ਅਦਾਇਗੀ ਵਿੱਚ ਕੋਈ ਦੇਰੀ ਨਹੀਂ ਹੋਵੇਗੀ।