ਕਰਿਆਨਾ ਵਾਪਰੀ ਦੇ ਕਰਿੰਦੇ ਨੂੰ ਗੋਲ਼ੀ ਮਾਰ ਕੇ ਲੁੱਟੇ ਸਾਢੇ ਅੱਠ ਲੱਖ ਰੁਪਏ, ਬਾਈਕ ਸਵਾਰ ਦੋ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

20

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੁਗਲਾਣੀ ਵਿਖੇ ਕਰਿਆਨਾ ਸਟੋਰ ਦੇ ਮਾਲਕ ਦੇ ਕਰਮਚਾਰੀ ਨੂੰ ਗੋਲੀ ਮਾਰ ਕੇ ਬਾਈਕ ਸਵਾਰ ਦੋ ਜਣਿਆਂ ਨੇ ਸਾਢੇ ਅੱਠ ਲੱਖ ਦੀ ਨਕਦੀ ਲੁੱਟ ਲਈ। ਘਟਨਾ ਦਾ ਪਤਾ ਚੱਲਦਿਆਂ ਹੀ ਇਲਾਕੇ ਨਾਲ ਸਬੰਧਤ ਥਾਣਾ ਵੈਰੋਵਾਲ ਦੇ ਮੁਖੀ ਸਬ ਇੰਸਪੈਕਟਰ ਨਰੇਸ਼ ਕੁਮਾਰ ਤੋਂ ਇਲਾਲਾ ਹੋਰ ਪੁਲਿਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਗੋਲ਼ੀ ਕਰਿੰਦੇ ਦੀ ਲੱਤ ਵਿਚ ਲੱਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਤਾਬਿਕ ਖਡੂਰ ਸਾਹਿਬ ਵਿਖੇ ਕਰਿਆਨਾ ਸਟੋਰ ਚਲਾਉਂਦੇ ਵਿਅਕਤੀ ਕਰਿੰਦਾ ਭਗਵੰਤ ਸਿੰਘ ਦੁਕਾਨ ਦਾ ਸਾਮਾਨ ਲੈਣ ਲਈ ਅੰਮ੍ਰਿਤਸਰ ਜਾਣ ਵਾਸਤੇ ਮੁਗਲਾਣੀ ਵਿਖੇ ਬਣੇ ਗੁਦਾਮ ਵਿੱਚੋਂ ਟੈਂਪੂ ਕੱਢ ਰਿਹਾ ਸੀ। ਇਸ ਦੌਰਾਨ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਆਏ ਜਿਨ੍ਹਾਂ ਨੇ ਭਗਵੰਤ ਸਿੰਘ ਦੇ ਗੋਲ਼ੀ ਮਾਰ ਕੇ ਉਸ ਕੋਲੋਂ ਸਾਢੇ ਅੱਠ ਲੱਖ ਦੀ ਨਕਦੀ ਲੁੱਟ ਕੇ ਲੈ ਗਏ। ਇਸ ਮੌਕੇ ਉਥੇ ਲਾਭ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨਾਮਕ ਕਰਮਚਾਰੀ ਵੀ ਮੌਜੂਦ ਸਨ। ਮੌਕੇ ’ਤੇ ਪੁੱਜੇ ਥਾਣਾ ਮੁਖੀ ਨਰੇਸ਼ ਕੁਮਾਰ ਨੇ ਦੱਸਿਆ ਕਿ ਭਗਵੰਤ ਸਿੰਘ ਦੀ ਲੱਤ ਵਿਚ ਗੋਲ਼ੀ ਲੱਗੀ ਹੈ ਅਤੇ ਇਸ ਸਬੰਧੀ ਬਿਆਨ ਦਰਜ ਕਰਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਦੀ ਸੀਸੀਟੀਵੀ ਫੁੱਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਅਧਾਰ ’ਤੇ ਪੁਲਿਸ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਕਾਰਵਾਈ ਕਰ ਰਹੀ ਹੈ।