ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਨੇ ਗੈਰ-ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਮਾਈਨਿੰਗ ਮਾਫੀਆ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੇਗੀ ਅਤੇ ਜਿੱਥੇ ਗੈਰਕਾਨੂੰਨੀ ਖੁਦਾਈ ਪਾਈ ਗਈ, ਉੱਥੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਜਤਿੰਦਰ ਮੋਹਨ, ਗੁਰਦਾਸਪੁਰ
ਗੁਰਦਾਸਪੁਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਵੱਧ ਰਹੇ ਮਾਮਲਿਆਂ ਨੇ ਹਾਲਾਤ ਗੰਭੀਰ ਬਣਾ ਦਿੱਤੇ ਹਨ। ਜ਼ਿਲ੍ਹੇ ਦੇ ਪਿੰਡ ਮਰਾੜਾ ਵਿੱਚ ਰੇਤ ਮਾਫੀਆ ਦੇ ਖਿਲਾਫ ਪਿੰਡ ਵਾਸੀਆਂ ਨੇ ਵੱਡਾ ਰੋਸ ਪ੍ਰਗਟਾਇਆ ਸੀ। ਉਨ੍ਹਾਂ ਨੇ ਰਾਵੀ ਦਰਿਆ ਵਿੱਚੋਂ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ। ਇਸ ਮਾਮਲੇ ਨੇ ਪ੍ਰਸ਼ਾਸਨ ਨੂੰ ਵੀ ਚੌਕੰਨਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਨੇ ਜ਼ਿਲ੍ਹੇ ਭਰ ਵਿੱਚ ਮਾਈਨਿੰਗ ਮਾਫੀਆ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਪਿੰਡ ਮਰਾੜਾ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਹਫ਼ਤਿਆਂ ਤੋਂ ਰਾਵੀ ਦਰਿਆ ਵਿੱਚੋਂ ਨਜਾਇਜ਼ ਤਰੀਕੇ ਨਾਲ ਰੇਤ ਕੱਢੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮਾਈਨਿੰਗ ਮਾਫੀਆ “ਜਿਸਦਾ ਖੇਤ ਉਸਦੀ ਰੇਤ” ਮੁਹਿੰਮ ਦਾ ਗਲਤ ਫਾਇਦਾ ਚੁੱਕ ਰਿਹਾ ਹੈ ਅਤੇ ਦਰਿਆ ਦੇ ਤਲ ਵਿੱਚੋਂ ਹੀ ਰੇਤ ਪੁੱਟ ਰਿਹਾ ਹੈ। ਇਸ ਨਾਲ ਨਾ ਸਿਰਫ਼ ਪਰੀਆਵਰਨ ਨੂੰ ਗੰਭੀਰ ਨੁਕਸਾਨ ਹੋ ਰਿਹਾ ਹੈ ਸਗੋਂ ਪਿੰਡ ਵਾਸੀਆਂ ਦੀ ਸੁਰੱਖਿਆ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਸਰਪੰਚ ਨਰਾਇਣ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਦਰਿਆ ਕੰਢੇ ਧਰਨਾ ਵੀ ਲਗਾਇਆ ਸੀ। ਉਨ੍ਹਾਂ ਨੇ ਮਾਈਨਿੰਗ ਕਰਨ ਵਾਲਿਆਂ ਦੀਆਂ ਮਸ਼ੀਨਾਂ ਰੁਕਵਾ ਦਿੱਤੀਆਂ ਅਤੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਹਰ ਰੋਜ਼ ਲਗਭਗ 200 ਟਿੱਪਰ ਰੇਤ ਨਾਲ ਭਰੇ ਪਿੰਡ ਦੀਆਂ ਸੜਕਾਂ ਤੋਂ ਲੰਘਦੇ ਹਨ, ਜਿਸ ਨਾਲ ਸੜਕਾਂ ਟੁੱਟ ਰਹੀਆਂ ਹਨ ਅਤੇ ਧੂੜ ਨਾਲ ਲੋਕਾਂ ਦਾ ਜੀਣਾ ਦੁਸ਼ਵਾਰ ਹੋ ਗਿਆ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ਼ਾਮ ਤੋਂ ਲੈ ਕੇ ਰਾਤ ਦੇ ਦੇਰ ਤੱਕ ਮਾਈਨਿੰਗ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਇਸ ਨਾਲ ਪਿੰਡ ਵਿੱਚ ਸ਼ੋਰ ਅਤੇ ਧੂੜ ਪ੍ਰਦੂਸ਼ਣ ਵਧ ਰਿਹਾ ਹੈ। ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਮਾਈਨਿੰਗ ਮਾਫੀਆ ਖੇਤਾਂ ਦੀ ਥਾਂ ਦਰਿਆ ਦੇ ਮੱਧ ਤੋਂ ਰੇਤ ਕੱਢ ਰਿਹਾ ਹੈ, ਜਿਸ ਨਾਲ ਦਰਿਆ ਦਾ ਰੁਖ ਬਦਲਣ ਦਾ ਖਤਰਾ ਬਣਿਆ ਹੋਇਆ ਹੈ।
ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਰਾਜਸਥਾਨ ਅਤੇ ਲੁਧਿਆਣਾ ਵਰਗੇ ਦੂਰ-ਦੂਰ ਦੇ ਇਲਾਕਿਆਂ ਤੋਂ ਵੀ ਰੇਤ ਮਾਫੀਆ ਦੇ ਟਰੱਕ ਇੱਥੇ ਆ ਕੇ ਗੈਰਕਾਨੂੰਨੀ ਮਾਈਨਿੰਗ ਕਰ ਰਹੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ ‘ਤੇ ਆੰਦੋਲਨ ਕਰਨਗੇ।
ਇਸੇ ਦੌਰਾਨ, ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਨੇ ਗੈਰ-ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਉਨ੍ਹਾਂ ਨੇ ਸਪਸ਼ਟ ਕਿਹਾ ਹੈ ਕਿ ਮਾਈਨਿੰਗ ਮਾਫੀਆ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੇਗੀ ਅਤੇ ਜਿੱਥੇ ਵੀ ਗੈਰਕਾਨੂੰਨੀ ਖੁਦਾਈ ਪਾਈ ਗਈ, ਉੱਥੇ ਤੁਰੰਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।














