ਜਥੇਦਾਰ ਗੜਗੱਜ ਨੇ ਢੱਡਰੀਆਂ ਵਾਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਦੀ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਤੇ ਮੁਆਫ਼ੀ ਮੰਗਣ, ਤਾਂ ਜੋ ਪੰਥਕ ਮੱਤਭੇਦ ਖ਼ਤਮ ਕਰਕੇ ਸਿੱਖ ਕੌਮ ਇੱਕਜੁਟ ਹੋ ਸਕੇ। ਜਥੇਦਾਰ ਨੇ ਕਿਹਾ ਕਿ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਅਤੇ ਧਰਮ ਪਰਿਵਰਤਨ ਵਰਗੇ ਮਸਲਿਆਂ ਉੱਤੇ ਇੱਕਤਾ ਲਿਆਉਣ ਦੀ ਲੋੜ ਹੈ।
ਉਹਨਾਂ ਘੋਸ਼ਣਾ ਕੀਤੀ ਕਿ ਜਲਦੀ ਹੀ ਅਕਾਲ ਤਖ਼ਤ ਸਾਹਿਬ ‘ਤੇ ਸਾਰੀਆਂ ਸਿੱਖ ਸੰਪਰਦਾਵਾਂ ਦਾ ਇਕੱਠ ਬੁਲਾਇਆ ਜਾਵੇਗਾ, ਤਾਂ ਜੋ ਸਿੱਖ ਪੰਥ ਨੂੰ ਆਉਣ ਵਾਲੇ ਚੁਣੌਤੀਆਂ ਦਾ ਇਕੱਠੇ ਹੋ ਕੇ ਸਾਹਮਣਾ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ 24 ਅਗਸਤ 2020 ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਰੁੱਧ ਗੁਰਮਤਿ ਸੰਬੰਧੀ ਬਿਆਨਬਾਜ਼ੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੁਕਮਨਾਮਾ ਜਾਰੀ ਹੋਇਆ ਸੀ। ਇਸ ‘ਚ ਕਿਹਾ ਗਿਆ ਸੀ ਕਿ ਜਦ ਤੱਕ ਢੱਡਰੀਆਂ ਵਾਲੇ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗਦੇ, ਉਨ੍ਹਾਂ ਦੇ ਸਮਾਗਮਾਂ ਦਾ ਬਾਈਕਾਟ ਕੀਤਾ ਜਾਵੇ।














