ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿਚ ਨਗਰ ਕੌਂਸਲ ਚੋਣਾਂ ਦੌਰਾਨ ਇਕ ਵਕੀਲ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਨੇ ਇਕ ਵਾਰ ਫਿਰ ਜ਼ੋਰ ਫੜ ਲਿਆ ਹੈ। ਦਰਅਸਲ, ਕੁਝ ਦਿਨ ਪਹਿਲਾਂ, ਲੁਧਿਆਣਾ ਦੇ ਵਕੀਲਾਂ ਨੇ ਇਸ ਮਾਮਲੇ ਨੂੰ ਲੈ ਕੇ ਇਕ ਦਿਨ ਦੀ ਹੜਤਾਲ ਕੀਤੀ ਸੀ, ਜਿਸ ਤੋਂ ਬਾਅਦ ਅੱਜ ਵਕੀਲਾਂ ਨੇ ਜਲੰਧਰ ਸਮੇਤ ਪੰਜਾਬ ਭਰ ਵਿਚ ਹੜਤਾਲ ਕਰ ਦਿੱਤੀ ਹੈ। ਜਾਨਲੇਵਾ ਹਮਲੇ ਦੇ ਮਾਮਲੇ ਵਿਚ ਪੁਲਿਸ ਵਲੋਂ ਸਖ਼ਤ ਕਾਰਵਾਈ ਨਾ ਕਰਨ ’ਤੇ ਵਕੀਲਾਂ ਵਿਚ ਗੁੱਸਾ ਹੈ। ਦੱਸ ਦੇਈਏ ਕਿ ਫਤਿਹਗੜ੍ਹ ਸਾਹਿਬ ਵਿਚ ਨਗਰ ਕੌਂਸਲ ਚੋਣਾਂ ਦੌਰਾਨ ਵਕੀਲ ਹਸਨ ਸਿੰਘ ’ਤੇ ਸਥਾਨਕ ਵਿਧਾਇਕ ਗੈਰੀ ਵੈਡਿੰਗ ਦੇ ਭਰਾ ਅਤੇ ਉਸਦੇ ਸਾਥੀਆਂ ਨੇ ਹਮਲਾ ਕੀਤਾ ਸੀ। ਹਮਲਾਵਰਾਂ ਨੇ ਉਸ ਦੇ ਸਿਰ ’ਤੇ ਰਿਵਾਲਵਰ ਦੇ ਬੱਟ ਨਾਲ ਵਾਰ ਕੀਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ। ਗੰਭੀਰ ਰੂਪ ਵਿਚ ਜ਼ਖਮੀ ਵਕੀਲ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਖੰਨਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਪ੍ਰੀਤ ਸਿੰਘ ਅਟਵਾਲ ਅਨੁਸਾਰ, ਪੁਲਿਸ ਸ਼ਹੀਦੀ ਸਭਾ ਵਿਚ ਰੁੱਝੇ ਹੋਣ ਦਾ ਬਹਾਨਾ ਬਣਾ ਕੇ ਕਾਰਵਾਈ ਤੋਂ ਬਚ ਰਹੀ ਸੀ। ਵਕੀਲਾਂ ਨੇ ਡੀ.ਜੀ.ਪੀ. ਪੰਜਾਬ ਨੂੰ ਪੱਤਰ ਲਿਖਿਆ ਅਤੇ ਐਸ.ਐਸ.ਪੀ. ਨੂੰ ਵੀ ਮਿਲੇ, ਜਿਨ੍ਹਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ, ਪਰ ਰਾਜਨੀਤਕ ਦਬਾਅ ਕਾਰਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। 9 ਜਨਵਰੀ ਨੂੰ ਵੀ ਵਕੀਲਾਂ ਨੇ ਰਾਜ ਵਿਆਪੀ ਹੜਤਾਲ ਕੀਤੀ ਸੀ ਅਤੇ ਫਤਿਹਗੜ੍ਹ ਸਾਹਿਬ ਵਿਚ ਐਸ.ਐਸ.ਪੀ. ਦਫ਼ਤਰ ਦੇ ਬਾਹਰ ਧਰਨਾ ਦਿੱਤਾ ਸੀ। ਹੁਣ ਅੱਜ 16 ਜਨਵਰੀ ਨੂੰ ਪੂਰੇ ਪੰਜਾਬ ਦੇ ਵਕੀਲ ਵਲੋਂ ਹੜਤਾਲ ਕੀਤੀ ਗਈ ਹੈ।














