ਡਿਊਟੀ ਲਈ ਘਰੋਂ ਨਿਕਲੀ ਸੀ ਮਹਿਲਾ ਕਾਂਸਟੇਬਲ, ਨਹੀਂ ਪਹੁੰਚੀ ਮੰਜ਼ਲ ਤੱਕ…ਇਕ ਫੋਨ ਨਾਲ ਹਿੱਲ ਗਿਆ ਥਾਣਾ

38

ਪੰਚਕੂਲਾ ਦੇ ਮਾਤਾ ਮਨਸਾ ਦੇਵੀ ਮੰਦਿਰ ਦੇ ਸਾਹਮਣੇ ਮੈਂਗੋ ਪਾਰਕ ਦੀ ਪਾਰਕਿੰਗ ਵਿੱਚ ਖੜ੍ਹੀ ਕਾਰ ਵਿੱਚੋਂ ਇੱਕ ਮਹਿਲਾ ਕਾਂਸਟੇਬਲ ਦੀ ਲਾਸ਼ ਮਿਲਣ ਦੀ ਸੂਚਨਾ ਤੋਂ ਬਾਅਦ ਏਸੀਪੀ ਸ਼ੁਕਰਪਾਲ, ਐਸਐਚਓ ਐਮਡੀਸੀ, ਕ੍ਰਾਈਮ ਬ੍ਰਾਂਚ ਅਤੇ ਫੋਰੈਂਸਿਕ ਟੀਮ ਪਹੁੰਚੀ। ਪੁਲਸ ਨੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਇਹ ਸਾਫ ਨਹੀਂ ਹੋਇਆ ਹੈ ਕਿ ਮਾਮਲਾ ਕਤਲ ਦਾ ਹੈ ਜਾਂ ਖ਼ੁਦਕੁਸ਼ੀ ਦਾ।

ਪੁਲਸ ਨੇ ਦੱਸਿਆ ਕਿ ਲਾਸ਼ ‘ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਮਿਲਿਆ ਹੈ। ਮ੍ਰਿਤਕਾ ਦੀ ਪਛਾਣ ਸਪਨਾ ਵਾਸੀ ਨਯਾਗਾਂਵ ਵਜੋਂ ਹੋਈ ਹੈ। ਸਪਨਾ ਚੰਡੀਗੜ੍ਹ ਪੁਲਿਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ। ਇਨ੍ਹੀਂ ਦਿਨੀਂ ਮਹਿਲਾ ਪੁਲਸ ਮੁਲਾਜ਼ਮ ਵਿਧਾਨ ਸਭਾ ‘ਚ ਡਿਊਟੀ ‘ਤੇ ਸੀ। ਸਪਨਾ ਨੇ ਮੰਗਲਵਾਰ ਨੂੰ ਡਿਊਟੀ ਲਈ ਆਉਣਾ ਸੀ।

ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਟੀਮ ਬਣਾਈ
ਪੁਲਸ ਟੀਮ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੈਕਟਰ-6 ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਡਾਕਟਰਾਂ ਦੀ ਟੀਮ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾਇਆ ਹੈ। ਏਸੀਪੀ ਵਿਕਰਮ ਨਹਿਰਾ ਨੇ ਦੱਸਿਆ ਕਿ ਜਾਂਚ ਲਈ ਟੀਮ ਬਣਾਈ ਗਈ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ।

ਇੱਕ ਬੱਚੀ ਦੀ ਮਾਂ ਸੀ ਸਪਨਾ
ਏਸੀਪੀ ਵਿਕਰਮ ਨਹਿਰਾ ਨੇ ਦੱਸਿਆ ਕਿ ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਮਹਿਲਾ ਕਾਂਸਟੇਬਲ ਸੱਤ ਸਾਲ ਦੀ ਬੱਚੀ ਦੀ ਮਾਂ ਸੀ। ਉਸ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿਧਾਨ ਸਭਾ ਡਿਊਟੀ ਲਈ ਜਾਣਾ ਸੀ। ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਮ੍ਰਿਤਕਾ ਦਾ ਪਤੀ ਭਾਰਤੀ ਫੌਜ ‘ਚ ਤਾਇਨਾਤ ਹੈ।

ਪੁਲਸ ਨੇ ਸ਼ੀਸ਼ੇ ਤੋੜ ਕੇ ਲਾਸ਼ ਨੂੰ ਕੱਢਿਆ ਬਾਹਰ
ਲੋਕਾਂ ਨੇ ਦੱਸਿਆ ਕਿ ਪੁਲਸ ਟੀਮ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ। ਕਾਰ ਦੇ ਚਾਰੇ ਦਰਵਾਜੇ ਲਾਕ ਸਨ। ਪੁਲਸ ਨੇ ਕਾਰ ਦੀ ਚੈਕਿੰਗ ਕਰਦਿਆਂ ਮੋਬਾਈਲ ਫੋਨ ਅਤੇ ਕੰਬਲ ਨੂੰ ਕਬਜ਼ੇ ਵਿੱਚ ਲੈ ਲਿਆ। ਜਾਣਕਾਰੀ ਮਿਲੀ ਹੈ ਕਿ ਲਾਸ਼ ਕਾਰ ਦੀ ਪਿਛਲੀ ਸੀਟ ‘ਤੇ ਪਈ ਸੀ। ਜਦੋਂ ਬਾਹਰ ਕੱਢਿਆ ਗਿਆ ਤਾਂ ਇਹ ਵੀ ਦੇਖਿਆ ਗਿਆ ਕਿ ਮਹਿਲਾ ਪੁਲਸ ਮੁਲਾਜ਼ਮ ਦੇ ਮੂੰਹ ‘ਚੋਂ ਝੱਗ ਨਿਕਲ ਰਹੀ ਸੀ।