ਸ੍ਰੀ ਹਰਗੋਬਿੰਦਪੁਰ (ਬਟਾਲਾ) ਵਿਚ ਐਕਸਪ੍ਰੈਸਵੇਅ ਲਈ ਜ਼ਮੀਨ ਐਕੁਆਇਰ ਕਰਨ ਆਈ ਟੀਮ ਅਤੇ ਕਿਸਾਨਾਂ ਵਿਚ ਝੜਪ ਹੋਣ ਕਾਰਨ ਛੇ ਕਿਸਾਨ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬਟਾਲਾ ਦੇ ਐਸ.ਡੀ.ਐਮ. ਵਿਕਰਮਜੀਤ ਸਿੰਘ ਪਾਂਥੇ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀ ਇਕ ਟੀਮ ਮੰਗਲਵਾਰ ਸਵੇਰੇ ਦਿੱਲੀ-ਜੰਮੂ ਕਟੜਾ ਐਕਸਪ੍ਰੈਸਵੇਅ ਲਈ ਜ਼ਮੀਨ ਦਾ ਕਬਜ਼ਾ ਲੈਣ ਲਈ ਸ੍ਰੀ ਹਰਗੋਬਿੰਦਪੁਰ ਨੇੜੇ ਨੰਗਲ ਝੋਰ ਪਿੰਡ ਪਹੁੰਚੀ।
ਇਸ ਦੌਰਾਨ ਟਕਰਾਅ ਵਾਲਾ ਮਾਹੌਲ ਬਣ ਗਿਆ ਜਦੋਂ ਪ੍ਰਸ਼ਾਸਨ ਅਤੇ ਐੱਨਐੱਚਏਆਈ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਗਿਆ ਹੈ, ਜਦੋਂ ਕਿ ਕਿਸਾਨ ਯੂਨੀਅਨਾਂ ਨੇ ਦਾਅਵੇ ਨੂੰ ਰੱਦ ਕਰ ਦਿੱਤਾ। 50 ਦੇ ਕਰੀਬ ਕਿਸਾਨ ਨੰਗਲ ਝੋਰ ਪਿੰਡ ਨੇੜੇ ਇਕੱਠੇ ਹੋਏ, ਜਦੋਂ ਪ੍ਰਸ਼ਾਸਨ ਅਤੇ ਪੁਲਿਸ ਨੇ ਉਨ੍ਹਾਂ ਨੂੰ ਜ਼ਮੀਨ ਦਾ ਕਬਜ਼ਾ ਦੇਣ ਬਾਰੇ ਕਿਹਾ ਤਾਂ ਕਿਸਾਨਾਂ ਨੇ ਪੁਲਿਸ ਨੂੰ ਜ਼ਮੀਨ ਦਾ ਅਧਿਕਾਰ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਅਧਿਕਾਰੀਆਂ ਅਤੇ ਕਿਸਾਨਾਂ ਦਰਮਿਆਨ ਟਕਰਾਅ ਹੋਇਆ। ਕਿਸਾਨ ਢੁਕਵਾਂ ਮੁਆਵਜ਼ਾ ਲੈਣ ਦੀ ਮੰਗ ਉਤੇ ਅੜੇ ਰਹੇ।














