ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਉੱਪ ਮੰਡਲ ਮੈਜਿਸਟਰੇਟ, ਪੁਲਿਸ ਅਧਿਕਾਰੀ, ਪਰਾਲੀ ਪਰੋਟੈਕਸ਼ਨ ਫੋਰਸ ਦੀਆਂ ਟੀਮਾਂ, ਕਲੱਸਟਰ ਅਤੇ ਨੋਡਲ ਅਫਸਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਮਿਲ ਰਹੇ ਹਨ ਅਤੇ ਪਰਾਲੀ ਨਾ ਸਾੜਨ ਅਤੇ ਪਰਾਲੀ ਪ੍ਰਬੰਧਨ ਦੀ ਅਪੀਲ ਕਰ ਰਹੇ ਹਨ।
ਜਤਿੰਦਰ ਮੋਹਨ, ਗੁਰਦਾਸਪੁਰ
ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਅਤੇ ਐੱਸ.ਐੱਸ ਪੀ ਗੁਰਦਾਸਪੁਰ ਆਦਿੱਤਿਆ ਨੇ ਅੱਜ ਲਗਾਤਾਰ ਦੂਜੇ ਦਿਨ ਕਲਾਨੌਰ ਬਲਾਕ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਮਿਲਕੇ ਫਸਲ ਦੀ ਰਹਿੰਦ ਖੂੰਹਦ ਨਾ ਸਾੜਨ ਅਤੇ ਪਰਾਲੀ ਪ੍ਰਬੰਧਨ ਦੀ ਅਪੀਲ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਗੁਰਦਾਸਪੁਰ ਵਲੋਂ ਰਸਤੇ ਵਿੱਚ ਪਿੰਡ ਬਖਸ਼ੀਵਾਲ, ਨੜਾਂਵਾਲੀ ਅਤੇ ਕਲਾਨੌਰ ਦੇ ਖੇਤਾਂ ਵਿੱਚ ਫਸਲ ਦੀ ਰਹਿੰਦ ਖੂੰਹਦ ਨੂੰ ਲੱਗੀ ਅੱਗ ਨੂੰ ਮੌਕੇ ‘ਤੇ ਬੁਝਵਾਇਆ ਗਿਆ।
ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਉੱਪ ਮੰਡਲ ਮੈਜਿਸਟਰੇਟ, ਪੁਲਿਸ ਅਧਿਕਾਰੀ, ਪਰਾਲੀ ਪਰੋਟੈਕਸ਼ਨ ਫੋਰਸ ਦੀਆਂ ਟੀਮਾਂ, ਕਲੱਸਟਰ ਅਤੇ ਨੋਡਲ ਅਫਸਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਮਿਲ ਰਹੇ ਹਨ ਅਤੇ ਪਰਾਲੀ ਨਾ ਸਾੜਨ ਅਤੇ ਪਰਾਲੀ ਪ੍ਰਬੰਧਨ ਦੀ ਅਪੀਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਉਪਲੱਬਧ ਹੈ। ਜ਼ਿਲ੍ਹੇ ਵਿੱਚ ਬਹੁਤ ਸਾਰੇ ਕਿਸਾਨ ਪ੍ਰਸ਼ਾਸਨ ਨਾਲ ਸਹਿਯੋਗ ਕਰ ਰਹੇ ਹਨ। ਕਿਸਾਨਾਂ ਵਲੋਂ ਸਟੱਬਲ ਮੈਨੇਜਮੈਂਟ ਤਹਿਤ ਪਰਾਲੀ ਦੀਆਂ ਗੱਠਾਂ ਬਣਾਈਆਂ ਜਾ ਰਹੀਆਂ ਹਨ, ਜੋ ਬਹੁਤ ਵਧੀਆ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਪਰ ਕੁਝ ਕੁ ਕਿਸਾਨਾਂ ਵਲੋਂ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀਂ ਹੈ, ਜਿਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪਰਾਲੀ ਸਾੜਨ ਵਾਲਿਆਂ ਵਿਰੁੱਧ ਸਖ਼ਤ ਹੈ ਅਤੇ ਫਸਲ ਦੀ ਰਹਿੰਦ ਖੂੰਹਦ ਸਾੜਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਪਰਾਲੀ ਪ੍ਰਬੰਧਨ ਲਈ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ, ਤਾਂ ਉਹ ਜ਼ਿਲ੍ਹਾ ਪੱਧਰ ‘ਤੇ ਸਥਾਪਤ ਕੰਟਰੋਲ ਰੂਮ ਨੰਬਰ 01874-266376 ‘ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਪਿੰਡਾਂ ਵਿੱਚ ਤਾਇਨਾਤ ਕਲੱਸਟਰ ਅਤੇ ਨੋਡਲ ਅਫਸਰਾਂ ਵਲੋਂ ਖੇਤੀ ਮਸ਼ੀਨਰੀ ਉਪਲੱਬਧ ਕਰਵਾਈ ਜਾਵੇਗੀ।
ਐੱਸ.ਐੱਸ.ਪੀ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਪੁਲਿਸ ਵਲੋਂ ਫਸਲ ਦੀ ਰਹਿੰਦ ਖੂੰਹਦ ਸਾੜਨ ਵਾਲਿਆਂ ਵਿਰੁੱਧ ਐਫ.ਆਈ.ਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ।














