ਪੁਲਿਸ ਨੇ ਐਨਕਾਊਂਟਰ ਵਿਚ ਮਾਰੇ ਦੋ ਨਾਮੀ ਗੈਂਗਸਟਰ

35

ਹਰਿਆਣਾ ਪੁਲਿਸ ਨੇ ਐਨਕਾਊਂਟਰ ਵਿਚ ਦੋ ਗੈਂਗਸਟਰਾਂ ਨੂੰ ਮਾਰ ਮੁਕਾਇਆ ਹੈ। ਦੋਵਾਂ ਬਦਮਾਸ਼ਾਂ ਉਤੇ 1-1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਇਨ੍ਹਾਂ ਦੀ ਪਛਾਣ ਜ਼ੋਰਾਵਰ ਅਤੇ ਨੀਰਜ ਉਰਫ ਨੀਰੀਆ ਵਜੋਂ ਹੋਈ ਹੈ।

ਸੂਤਰਾਂ ਮੁਤਾਬਕ ਦੋਵੇਂ ਬਦਮਾਸ਼ ਇੱਕ ਬਦਨਾਮ ਗੈਂਗਸਟਰ ਦੇ ਸ਼ੂਟਰ ਸਨ। ਦੋਵੇਂ ਇਸ ਤੋਂ ਪਹਿਲਾਂ ਵੀ ਕਈ ਵਾਰਦਾਤਾਂ ਕਰ ਚੁੱਕੇ ਹਨ। ਹਾਲਾਂਕਿ ਸੀਆਈਏ ਦੀਆਂ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ।

ਜਾਣਕਾਰੀ ਮੁਤਾਬਕ ਪਲਵਲ ਨੂਹ ਰੋਡ ‘ਤੇ ਦੇਰ ਰਾਤ ਸੀਆਈਏ ਟੀਮ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ, ਜਿਸ ‘ਚ ਬਦਮਾਸ਼ਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਪਿੱਛੋਂ ਸੀਆਈਏ ਇੰਚਾਰਜ ਦੀਪਕ ਗੁਲੀਆ ਅਤੇ ਉਨ੍ਹਾਂ ਦੀ ਟੀਮ ਨੇ ਇਹ ਕਾਰਵਾਈ ਕੀਤੀ ਹੈ। ਇਸ ਵਿੱਚ ਦੀਪਕ ਗੁਲੀਆ ਅਤੇ ਉਨ੍ਹਾਂ ਦੀ ਟੀਮ ਦੇ ਕੁਲਦੀਪ ਅਤੇ ਨਰਿੰਦਰ ਨੂੰ ਵੀ ਗੋਲੀ ਲੱਗੀ ਹੈ। ਹਾਲਾਂਕਿ ਤਿੰਨੋਂ ਬਚ ਗਏ ਕਿਉਂਕਿ ਉਨ੍ਹਾਂ ਨੇ ਬੁਲੇਟਪਰੂਫ ਜੈਕਟਾਂ ਪਾਈਆਂ ਹੋਈਆਂ ਸਨ।

ਇਸ ਮੁਕਾਬਲੇ ਵਿੱਚ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਇੱਕ ਬਦਮਾਸ਼ ਨੂੰ ਦੋ ਅਤੇ ਦੂਜੇ ਨੂੰ ਤਿੰਨ ਗੋਲੀਆਂ ਲੱਗੀਆਂ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਦਮਾਸ਼ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਕੇ ਘੁੰਮ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਪਲਵਲ ਦੇ ਪਿੰਡ ਜੌਹਰਖੇੜਾ ਦੇ ਸਰਪੰਚ ਅਤੇ ਉਸ ਦੇ ਸਾਥੀਆਂ ‘ਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ।