ਪੰਜਾਬ ਵਿੱਚ ਘਟੀਆ ਗੁਣਵੱਤਾ ਵਾਲੀਆਂ 112 ਦਵਾਈਆਂ ਦੀ ਵਿਕਰੀ ’ਤੇ ਲੱਗੀ ਪਾਬੰਦੀ,ਦੇਖੋ ਪੂਰੀ ਸੂਚੀ

27

ਇਹਨਾਂ ਦਵਾਈਆਂ ਨੂੰ Central Drugs Standard Control Organization (CDSCO) ਵੱਲੋਂ ਸਬਸਟੈਂਡਰਡ (ਘਟੀਆ ਗੁਣਵੱਤਾ) ਦਵਾਈਆਂ ਐਲਾਨਿਆ ਗਿਆ ਹੈ। ਸਿਹਤ ਵਿਭਾਗ, ਪੰਜਾਬ ਵੱਲੋਂ ਇਹਨਾਂ ਦਵਾਈਆਂ ਦੀ ਵਿਕਰੀ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਕਿਰਪਾ ਕਰਕੇ ਲਿਸਟ ਵਿੱਚ ਦਿੱਤੀਆਂ ਦਵਾਈਆਂ ਦੀ ਵਰਤੋਂ ਕਿਸੇ ਵੀ ਮਰੀਜ਼ ਉੱਤੇ ਨਾ ਕੀਤੀ ਜਾਵੇ। ਜੇਕਰ ਕਿਸੇ ਦਵਾਈ ਦੀ ਦੁਕਾਨ ‘ਤੇ ਇਹਨਾਂ ਵਿੱਚੋਂ ਕੋਈ ਵੀ ਦਵਾਈ ਵਿਕ ਰਹੀ ਹੋਵੇ, ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰੋ। ਤੁਹਾਡੀ ਸਿਹਤ ਪੰਜਾਬ ਸਰਕਾਰ ਦੀ ਤਰਜੀਹ ਹੈ।

Central Drugs Standard Control Organization (CDSCO) ਵੱਲੋਂ ਸਬਸਟੈਂਡਰਡ (ਘਟੀਆ ਗੁਣਵੱਤਾ) ਦਵਾਈਆਂ ‘ਤੇ ਬੈਨ ਲਗਾ ਦਿੱਤਾ ਗਿਆ ਹੈ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਜ਼ਹਿਰੀਲਾ ਖੰਘ ਸਿਰਪ ਪੀਣ ਨਾਲ ਬੱਚਿਆਂ ਦੀ ਮੌਤ ਤੋਂ ਬਾਅਦ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਨੇ ਦੇਸ਼ ਭਰ ਵਿੱਚ ਬਣੀਆਂ ਦਵਾਈਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿੱਚ ਬਣੀਆਂ 11 ਦਵਾਈਆਂ ਦੇ ਨਮੂਨੇ ਵੀ ਟੈਸਟ ਵਿੱਚ ਫੇਲ੍ਹ ਹੋ ਗਏ ਹਨ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ 112 ਦਵਾਈਆਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ।

ਰਾਜ ਵਿੱਚ ਜਿਨ੍ਹਾਂ 11 ਦਵਾਈਆਂ ਦੇ ਨਮੂਨੇ ਫੇਲ੍ਹ ਹੋਏ ਸਨ, ਉਹ ਮੁਹਾਲੀ, ਗੁਰਦਾਸਪੁਰ, ਜਲੰਧਰ ਅਤੇ ਡੇਰਾਬੱਸੀ ਵਿੱਚ ਬਣੀਆਂ ਸਨ। ਇਹ ਦਵਾਈਆਂ ਨਾ ਸਿਰਫ਼ ਰਾਜ ਭਰ ਦੇ ਮੈਡੀਕਲ ਸਟੋਰਾਂ ਨੂੰ ਸਗੋਂ ਹੋਰ ਰਾਜਾਂ ਨੂੰ ਵੀ ਸਪਲਾਈ ਕੀਤੀਆਂ ਗਈਆਂ ਸਨ। ਸੀਡੀਐੱਸਸੀਓ ਦੀ ਰਿਪੋਰਟ ਤੋਂ ਬਾਅਦ ਸਬੰਧਤ ਬੈਚਾਂ ਵਿੱਚੋਂ ਦਵਾਈਆਂ ਨੂੰ ਬਾਜ਼ਾਰ ਤੋਂ ਹਟਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਮੈਡੀਕਲ ਸਟੋਰਾਂ, ਡਾਕਟਰਾਂ ਅਤੇ ਹਸਪਤਾਲਾਂ ਨੂੰ ਇਨ੍ਹਾਂ ਦਵਾਈਆਂ ਦਾ ਸਟਾਕ ਜਮ੍ਹਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਨ੍ਹਾਂ ਦੀ ਵਰਤੋਂ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ। ਜਿਨ੍ਹਾਂ ਦਵਾਈਆਂ ਦੇ ਨਮੂਨੇ ਫੇਲ੍ਹ ਹੋਏ ਹਨ, ਉਹ ਐਸਿਡਿਟੀ, ਦਰਦ, ਬੁਖਾਰ, ਐਲਰਜੀ, ਹਾਈ ਬਲੱਡ ਪ੍ਰੈਸ਼ਰ ਅਤੇ ਦਮੇ ਤੋਂ ਪੀੜਤ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਸਨ। ਸਿਹਤ ਵਿਭਾਗ ਨੇ ਡਰੱਗ ਇੰਸਪੈਕਟਰਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਇਹ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ।

ਜਿਨ੍ਹਾਂ ਦਵਾਈਆਂ ਦੇ ਨਮੂਨੇ ਫੇਲ੍ਹ ਹੋਏ ਹਨ, ਉਨ੍ਹਾਂ ‘ਚ ਅਜ਼ੇਨ-20 ਰਪੇਬ੍ਰਾਜੋਲ ਗੋਲੀਆਂ ਆਈਪੀ (ਮੁਹਾਲੀ), ਪੇਂਜ਼ੋਲ : 40 ਗੋਲੀਆਂ ਪੈਂਟੋਪ੍ਰਾਜ਼ੋਲ ਗੈਸਟਰੋ ਰੋਧਕ ਆਈਪੀ 40 ਮਿਲੀਗ੍ਰਾਮ (ਮੁਹਾਲੀ), ਰੈਕਸੋਫੇਨ ਆਈਬੂਪ੍ਰੋਫ਼ੇਨ ਅਤੇ ਪੈਰਾਸਿਟਾਮੋਲ ਗੋਲੀਆਂ ਆਈਪੀ (ਮੁਹਾਲੀ), ਪੋਡੋਰਮ ਸੇਫਪੋਡੋਕਸਾਈਮ ਟੈਬਲੇਟ ਆਈਪੀ 200 ਮਿਲੀਗ੍ਰਾਮ (ਗੁਰਦਾਸਪੁਰ), ਸਾਈਪ੍ਰੋਹੇਪਟਾਡੀਨ ਟੈਬਲੇਟ ਆਈਪੀ 4 ਮਿਲੀਗ੍ਰਾਮ (ਗੁਰਦਾਸਪੁਰ), ਲੋਪੇਰਾਮਾਈਡ ਹਾਈਡ੍ਰੋਕਲੋਰਾਈਡ ਕੈਪਸੂਲ ਆਈਪੀ 2 ਮਿਲੀਗ੍ਰਾਮ (ਗੁਰਦਾਸਪੁਰ), ਪ੍ਰਾਂਜ਼ੋਲ ਪੈਂਟੋਪ੍ਰਾਜ਼ੋਲ ਸੋਡੀਅਮ ਟੈਬਲੇਟ ਆਈਪੀ (ਗੁਰਦਾਸਪੁਰ), ਐਮਲੋਕੇਅਰ-ਏਟੀ ਐਮਲੋਡੀਪੀਨ ਅਤੇ ਐਟੇਨੋਲੋਲ ਟੈਬਲੇਟ ਆਈਪੀ (ਗੁਰਦਾਸਪੁਰ), ਅਮੋਕਸੀਸਿਲਿਨ ਅਤੇ ਪੋਟਾਸ਼ੀਅਮ ਕਲੇਵੁਲਨੇਟ ਗੋਲੀਆਂ ਆਈਪੀ (ਮੁਹਾਲੀ), ਫੇਕੋਪੋਡ ਸੇਫਪੋਕਸਾਈਮ ਪ੍ਰੋਕਸੇਟਿਲ ਗੋਲੀਆਂ 200 ਮਿਲੀਗ੍ਰਾਮ (ਡੇਰਾਬੱਸੀ), ਪੈਰਾਸੀਟਾਮੋਲ, ਫੇਨੀਲੇਫ੍ਰਾਈਨ ਹਾਈਡ੍ਰੋਕਲੋਰਾਈਡ, ਅਤੇ ਕਲੋਰਫੇਨੀਰਾਮਾਈਨ ਮੈਲੇਟ ਸਸਪੈਂਸ਼ਨ (ਜਲੰਧਰ) ਸ਼ਾਮਲ ਹਨ।