ਬਾਦਸ਼ਾਹ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸੌਂਪੇ ਪੱਕੇ ਘਰ, ਕਿਹਾ—ਇਹ ਸਿਰਫ਼ ਮਦਦ ਨਹੀਂ, ਬਲਕਿ ਆਤਮ-ਸਨਮਾਨ ਦੀ ਵਾਪਸੀ ਹੈ

15

Sell-Aid Desk 24/7- ਪੰਜਾਬ ਵਿੱਚ ਆਏ ਭਿਆਨਕ ਹੜ੍ਹ ਕਾਰਨ ਬੇਘਰ ਹੋਏ ਪਰਿਵਾਰਾਂ ਲਈ ਐਤਵਾਰ ਨੂੰ ਉਮੀਦ ਦੀ ਨਵੀਂ ਕਿਰਨ ਜਾਗੀ, ਜਦੋਂ ਮਸ਼ਹੂਰ ਸੰਗੀਤਕਾਰ Badshah ਨੇ Sikh Aid Foundation ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਨਵੇਂ ਪੱਕੇ ਘਰਾਂ ਦੀਆਂ ਚਾਬੀਆਂ ਸੌਂਪੀਆਂ। ਅਜਨਾਲਾ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਬਾਦਸ਼ਾਹ ਖੁਦ ਮੌਜੂਦ ਰਹੇ ਅਤੇ ਲਾਭਪਾਤਰੀ ਪਰਿਵਾਰਾਂ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਨੂੰ ਘਰਾਂ ਦੀਆਂ ਚਾਬੀਆਂ ਦਿੱਤੀਆਂ। ਇਸ ਮੌਕੇ ਸਥਾਨਕ ਵਸਨੀਕ, ਸੇਵਾਦਾਰ ਅਤੇ ਰਾਹਤ ਕੰਮਾਂ ਨਾਲ ਜੁੜੇ ਪ੍ਰਤੀਨਿਧੀ ਵੀ ਹਾਜ਼ਰ ਸਨ।

ਪਿਛਲੇ ਮੌਨਸੂਨ ਦੌਰਾਨ ਆਏ ਹੜ੍ਹਾਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਸੀ। ਹਜ਼ਾਰਾਂ ਪਰਿਵਾਰਾਂ ਦੇ ਘਰ, ਖੇਤੀਬਾੜੀ ਅਤੇ ਰੋਜ਼ੀ-ਰੋਟੀ ਤਬਾਹ ਹੋ ਗਈ ਸੀ। ਸ਼ੁਰੂਆਤੀ ਰਾਹਤ ਵਿੱਚ ਖਾਣ-ਪੀਣ ਅਤੇ ਇਲਾਜ ਦੀ ਸਹੂਲਤ ਮਿਲੀ, ਪਰ ਪੱਕੀ ਛੱਤ ਦੀ ਘਾਟ ਸਭ ਤੋਂ ਵੱਡੀ ਚਿੰਤਾ ਬਣੀ ਰਹੀ। ਇਸ ਪਹਿਲ ਤਹਿਤ ਉਨ੍ਹਾਂ ਪਰਿਵਾਰਾਂ ਨੂੰ ਪੂਰੀ ਤਰ੍ਹਾਂ ਤਿਆਰ ਕੀਤੇ ਪੱਕੇ ਘਰ ਦਿੱਤੇ ਗਏ ਹਨ, ਜਿਨ੍ਹਾਂ ਨੇ ਹੜ੍ਹ ਵਿੱਚ ਸਭ ਕੁਝ ਗੁਆ ਦਿੱਤਾ ਸੀ। ਇਹ ਘਰ ਭਵਿੱਖ ਦੀਆਂ ਕੁਦਰਤੀ ਆਫ਼ਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ, ਤਾਂ ਜੋ ਪਰਿਵਾਰ ਸੁਰੱਖਿਅਤ ਤਰੀਕੇ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ।

ਸਮਾਗਮ ਦੌਰਾਨ ਬੋਲਦੇ ਹੋਏ ਬਾਦਸ਼ਾਹ ਨੇ ਕਿਹਾ, “ਪੰਜਾਬ ਨੇ ਮੈਨੂੰ ਪਛਾਣ ਦਿੱਤੀ ਹੈ। ਜਦੋਂ ਇੱਥੋਂ ਦੇ ਲੋਕ ਮੁਸ਼ਕਲ ਵਿੱਚ ਹੋਣ, ਤਾਂ ਉਨ੍ਹਾਂ ਦੇ ਨਾਲ ਖੜ੍ਹਾ ਹੋਣਾ ਸਾਡੀ ਸਾਂਝੀ ਜ਼ਿੰਮੇਵਾਰੀ ਬਣ ਜਾਂਦੀ ਹੈ। ਇਹ ਘਰ ਸਿਰਫ਼ ਇੱਟਾਂ-ਪੱਥਰ ਨਹੀਂ, ਸਗੋਂ ਇੱਜ਼ਤ, ਸੁਰੱਖਿਆ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹਨ।” ਘਰ ਪ੍ਰਾਪਤ ਕਰਨ ਵਾਲੇ ਇੱਕ ਲਾਭਪਾਤਰੀ ਨੇ ਕਿਹਾ, “ਹੜ੍ਹ ਤੋਂ ਬਾਅਦ ਸਾਨੂੰ ਲੱਗ ਰਿਹਾ ਸੀ ਕਿ ਸਭ ਕੁਝ ਖ਼ਤਮ ਹੋ ਗਿਆ ਹੈ। ਹੁਣ ਬੱਚਿਆਂ ਦੇ ਸਿਰ ‘ਤੇ ਛੱਤ ਹੈ ਅਤੇ ਜ਼ਿੰਦਗੀ ਮੁੜ ਸ਼ੁਰੂ ਹੋ ਸਕਦੀ ਹੈ।” ਇੱਕ ਹੋਰ ਲਾਭਪਾਤਰੀ ਨੇ ਕਿਹਾ, “ਇਹ ਸਿਰਫ਼ ਘਰ ਨਹੀਂ, ਸਾਡੇ ਆਤਮ-ਸਨਮਾਨ ਦੀ ਵਾਪਸੀ ਹੈ।”

ਸਿੱਖ ਏਡ ਫਾਊਂਡੇਸ਼ਨ ਨਾਲ ਮਿਲ ਕੇ ਇਸ ਪਹਿਲ ਨੂੰ ਸਥਾਨਕ ਪੱਧਰ ‘ਤੇ ਲਾਗੂ ਕੀਤਾ ਗਿਆ, ਤਾਂ ਜੋ ਮਦਦ ਸਹੀ ਅਤੇ ਸਭ ਤੋਂ ਵੱਧ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚ ਸਕੇ। ਪ੍ਰਬੰਧਕਾਂ ਨੇ ਕਿਹਾ ਕਿ ਇਹ ਯਤਨ ਦਰਸਾਉਂਦਾ ਹੈ ਕਿ ਆਫ਼ਤ ਤੋਂ ਬਾਅਦ ਸਿਰਫ਼ ਤੁਰੰਤ ਰਾਹਤ ਨਹੀਂ, ਸਗੋਂ ਲੰਬੇ ਸਮੇਂ ਦਾ ਪੁਨਰਵਾਸ ਵੀ ਉਨਾਂ ਹੀ ਜ਼ਰੂਰੀ ਹੁੰਦਾ ਹੈ। ਬਾਦਸ਼ਾਹ ਨੇ ਅੱਗੇ ਵੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ ਅਤੇ ਹੋਰ ਲੋਕਾਂ ਨੂੰ ਵੀ ਅੱਗੇ ਆ ਕੇ ਪੁਨਰਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।