ਹਰਿਆਣਾ ਦੇ ਹਿਸਾਰ ‘ਚ ਸਿਰਸਾ-ਦਿੱਲੀ ਨੈਸ਼ਨਲ ਹਾਈਵੇ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ ਪਿਤਾ, ਉਸ ਦੀ 8 ਸਾਲ ਦੀ ਬੇਟੀ ਅਤੇ 10 ਸਾਲ ਦਾ ਬੇਟਾ ਸ਼ਾਮਲ ਹੈ। ਤਿੰਨੇ ਬਾਈਕ ਉਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਗਲਤ ਸਾਈਡ ਤੋਂ ਆ ਰਹੇ ਇਕ ਟਰੱਕ ਨੇ ਇਨ੍ਹਾਂ ਨੂੰ ਕੁਚਲ ਦਿੱਤਾ।
ਜਾਣਕਾਰੀ ਅਨੁਸਾਰ ਸੁਚਾਨ ਕੋਟਲੀ ਦਾ ਰਹਿਣ ਵਾਲਾ ਬਬਲੂ ਆਪਣੇ ਸਾਲੇ ਦੇ ਪਰਿਵਾਰ ਦੇ ਸਮਾਗਮ ਲਈ ਹਿਸਾਰ ਦੇ ਪਿੰਡ ਮੰਗਲੀ ਆਇਆ ਹੋਇਆ ਸੀ। ਵੀਰਵਾਰ ਰਾਤ ਨੂੰ ਉੱਥੇ ਰੁਕਣ ਤੋਂ ਬਾਅਦ ਉਹ ਦੁਪਹਿਰ 2 ਵਜੇ ਦੇ ਕਰੀਬ ਸਿਰਸਾ ਸਥਿਤ ਆਪਣੇ ਘਰ ਪਰਤ ਰਿਹਾ ਸੀ। ਬਬਲੂ ਦੇ ਨਾਲ ਉਸ ਦੀ ਮਾਂ ਦਰਸ਼ਨਾ, 8 ਸਾਲ ਦੀ ਬੇਟੀ ਚਾਹਤ ਅਤੇ 10 ਸਾਲ ਦਾ ਬੇਟਾ ਪ੍ਰਿੰਸ ਵੀ ਸਨ। ਜਦੋਂ ਉਹ ਅਗਰੋਹਾ ਟੋਲ ਨੇੜੇ ਪਹੁੰਚਿਆ ਤਾਂ ਅਚਾਨਕ ਗਲਤ ਸਾਈਡ ਤੋਂ ਆ ਰਹੇ ਟਰੱਕ ਨਾਲ ਉਸ ਦੀ ਬਾਈਕ ਦੀ ਟੱਕਰ ਹੋ ਗਈ।
ਹਾਦਸੇ ਤੋਂ ਬਾਅਦ ਪਰਿਵਾਰ ਸੜਕ ਦੇ ਵਿਚਕਾਰ ਡਿੱਗ ਗਿਆ। ਇਸ ਦੌਰਾਨ ਪਿੱਛੇ ਤੋਂ ਆ ਰਹੇ ਇਕ ਹੋਰ ਟਰੱਕ ਨੇ ਚਾਰਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਚਾਹਤ, ਪ੍ਰਿੰਸ ਅਤੇ ਬਬਲੂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਦੌਰਾਨ ਮਾਂ ਦਰਸ਼ਨਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਇਲਾਜ ਲਈ ਅਗਰੋਹਾ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਹੈ।













