Maha Kumbh Bus Accident: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮਹਾਕੁੰਭ ‘ਚ ਇਸ਼ਨਾਨ ਕਰਨ ਆਏ 10 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 19 ਜ਼ਖਮੀ ਹੋਏ ਹਨ। ਇੱਥੇ ਇੱਕ ਬੋਲੈਰੋ ਅਤੇ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਹੈ, ਜਿਸ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ੁਰੂਆਤੀ ਜਾਣਕਾਰੀ ‘ਚ ਸਾਹਮਣੇ ਆਇਆ ਹੈ ਕਿ ਬੱਸ ਅਤੇ ਬੋਲੈਰੋ ‘ਚ ਸਵਾਰ ਸਾਰੇ ਲੋਕ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਨਿਵਾਸੀ ਹਨ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪ੍ਰਯਾਗਰਾਜ ਦੇ ਡੀਸੀਪੀ ਯਮੁਨਾਨਗਰ ਵਿਵੇਕ ਚੰਦਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਪੁਲਿਸ ਕਮਿਸ਼ਨਰ ਤਰੁਣ ਗਾਬਾ, ਡੀਐਮ ਰਵਿੰਦਰ ਕੁਮਾਰ ਮੰਡ ਅਤੇ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਸਨ।
ਜਾਣਕਾਰੀ ਮੁਤਾਬਕ ਇਹ ਘਟਨਾ ਮੇਜਾ ‘ਚ ਪ੍ਰਯਾਗਰਾਜ-ਮਿਰਜ਼ਾਪੁਰ ਹਾਈਵੇ ‘ਤੇ ਸ਼ੁੱਕਰਵਾਰ ਦੇਰ ਰਾਤ ਵਾਪਰੀ। ਇੱਥੇ ਇੱਕ ਬੋਲੈਰੋ ਅਤੇ ਸ਼ਰਧਾਲੂਆਂ ਨਾਲ ਭਰੀ ਬੱਸ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ ਇਸ ਹਾਦਸੇ ਵਿੱਚ ਬੋਲੈਰੋ ਵਿੱਚ ਸਵਾਰ ਸਾਰੇ 10 ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਸੰਗਮ ਇਸ਼ਨਾਨ ਲਈ ਜਾ ਰਹੇ ਸਨ।













