ਮੇਜ਼ ਚੋਰੀ ਦੇ ਦੋਸ਼ਾਂ ’ਤੇ ਮਨਪ੍ਰੀਤ ਬਾਦਲ ਦਾ ਪਲਟਵਾਰ

8
Sell-Aid Desk 24/7- ਬਾਰਾਂ ਪਾਂਜਾ 48’ ਵਾਲੇ ਬਿਆਨ ਮਗਰੋਂ ਵਿਵਾਦ ਭਖਿਆ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਚਾਲੇ ‘ਬਾਰਾਂ ਪਾਂਜਾ 48’ ਅਤੇ ਮੇਜ਼ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਸਿਆਸੀ ਜੰਗ ਭਖ ਗਈ ਹੈ। ਕਾਂਗਰਸ ਵੱਲੋਂ ਸਰਕਾਰੀ ਕੋਠੀ ’ਚੋਂ ਮੇਜ਼ ਚੋਰੀ ਕਰਨ ਦੇ ਦੋਸ਼ ਲਾਏ ਜਾਣ ਮਗਰੋਂ ਮਨਪ੍ਰੀਤ ਬਾਦਲ ਨੇ ਵੀਡੀਓ ਜਾਰੀ ਕਰ ਕੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹੁੰਦਿਆਂ ਉਨ੍ਹਾਂ ਕਦੇ ਸਰਕਾਰੀ ਗੱਡੀ ਜਾਂ ਤੇਲ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਕੋਠੀ ਨੰਬਰ 47 ਛੱਡਣ ਵੇਲੇ ਉਨ੍ਹਾਂ ਨੇ ਟੁੱਟ-ਭੱਜ ਲਈ 1.84 ਲੱਖ ਰੁਪਏ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਏ ਸਨ, ਇਸ ਲਈ ਚੋਰੀ ਦੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਰਾਜਾ ਵੜਿੰਗ ’ਤੇ ਨਿਸ਼ਾਨਾ ਸਾਧਦਿਆਂ ਕਿਹਾ, ‘ਵੱਡੀਆਂ ਗੱਡੀਆਂ ਵਿੱਚ ਘੁੰਮਣ ਵਾਲੇ ਪ੍ਰਧਾਨ ਦਰਜੀਆਂ ਦੇ ਪੈਸੇ ਦੇਣੇ ਵੀ ਭੁੱਲ ਜਾਂਦੇ ਹਨ।’ ਉਨ੍ਹਾਂ ਵੜਿੰਗ ’ਤੇ ਪੰਜਾਬ ਦੇ ਕਾਰੀਗਰਾਂ ਨੂੰ ਅਣਗੌਲਿਆ ਕਰ ਕੇ ਜੈਪੁਰ ਤੋਂ ਮਹਿੰਗੇ ਭਾਅ ’ਤੇ ਬੱਸਾਂ ਦੀਆਂ ਬਾਡੀਆਂ ਲਾਉਣ ਦਾ ਦੋਸ਼ ਲਾਇਆ।