Sell-Aid Desk 24/7- ਟੈਸਲਾ ਦੇ ਮਾਲਕ ਐਲਨ ਮਸਕ ਵੱਲੋਂ ਜੈਫਰੀ ਐਪਸਟੀਨ ਦੀ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਨਾ ਹੋਣ ਦੇ ਕੀਤੇ ਗਏ ਦਾਅਵਿਆਂ ’ਤੇ ਹੁਣ ਸਵਾਲ ਖੜ੍ਹੇ ਹੋ ਗਏ ਹਨ। ਹਾਲ ਹੀ ਵਿੱਚ ਜਾਰੀ ਹੋਈਆਂ ਐਪਸਟੀਨ ਨਾਲ ਸਬੰਧਤ ਫਾਈਲਾਂ ਵਿੱਚ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਸੀ ਜਿਸ ਵਿੱਚ ਐਲਨ ਮਸਕ ਅਤੇ ਮੇਟਾ (ਫੇਸਬੁੱਕ) ਦੇ ਸੀਈਓ ਮਾਰਕ ਜ਼ਕਰਬਰਗ ਸਾਲ 2015 ਵਿੱਚ ਕੈਲੀਫੋਰਨੀਆ ਵਿੱਚ ਇੱਕ ਰਾਤ ਦੀ ਪਾਰਟੀ ਵਿਚ ਇਕੱਠੇ ਬੈਠੇ ਦਿਖਾਈ ਦੇ ਰਹੇ ਸਨ। ਇਹ ਤਸਵੀਰ ਖ਼ੁਦ ਐਪਸਟੀਨ ਨੇ ਖਿੱਚੀ ਸੀ ਅਤੇ ਉਸ ਨੇ ਨਿੱਜੀ ਈਮੇਲਾਂ ਵਿੱਚ ਇਸ ਪਾਰਟੀ ਨੂੰ ਵਾਈਲਡ ਪਾਰਟੀ ਦੱਸਿਆ ਸੀ।
ਰਿਪੋਰਟਾਂ ਅਨੁਸਾਰ ਇਹ ਪਾਰਟੀ 3 ਅਗਸਤ 2015 ਨੂੰ ਹੋਈ ਸੀ, ਜੋ ਕਿ ਐਪਸਟੀਨ ਨੂੰ ਨਾਬਾਲਗਾਂ ਦੀ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਕਈ ਸਾਲਾਂ ਬਾਅਦ ਦੀ ਹੈ। ਐਪਸਟੀਨ ਨੇ ਆਪਣੇ ਕੁਝ ਖ਼ਾਸ ਦੋਸਤਾਂ ਨੂੰ ਭੇਜੀਆਂ ਈਮੇਲਾਂ ਵਿੱਚ ਸ਼ੇਖੀ ਮਾਰਦਿਆਂ ਲਿਖਿਆ ਸੀ ਕਿ ਉਸ ਨੇ ਮਸਕ, ਜ਼ਕਰਬਰਗ, ਪੀਟਰ ਥੀਲ ਅਤੇ ਰੀਡ ਹਾਫਮੈਨ ਵਰਗੀਆਂ ਦਿੱਗਜ਼ ਹਸਤੀਆਂ ਨਾਲ ਡਿਨਰ ਕੀਤਾ ਹੈ। ਇਹ ਖ਼ੁਲਾਸਾ ਉਸ ਸਮੇਂ ਹੋਇਆ ਹੈ ਜਦੋਂ ਮਸਕ ਨੇ ਹਾਲ ਹੀ ਵਿੱਚ ਟਵਿੱਟਰ (X) ’ਤੇ ਦਾਅਵਾ ਕੀਤਾ ਸੀ ਕਿ ਉਹ ਕਦੇ ਵੀ ਐਪਸਟੀਨ ਦੀ ਕਿਸੇ ਪਾਰਟੀ ਵਿੱਚ ਨਹੀਂ ਗਏ।
ਇਸ ਮਾਮਲੇ ਵਿੱਚ ਲਿੰਕਡਇਨ ਦੇ ਸਹਿ-ਸੰਸਥਾਪਕ ਰੀਡ ਹਾਫਮੈਨ ਨੇ ਮੰਨਿਆ ਹੈ ਕਿ ਉਹ ਐਪਸਟੀਨ ਨੂੰ ਮਿਲੇ ਸਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੁਲਾਕਾਤਾਂ ਸਿਰਫ਼ ਐਮਆਈਟੀ (MIT) ਯੂਨੀਵਰਸਿਟੀ ਲਈ ਫੰਡ ਇਕੱਠਾ ਕਰਨ ਤੱਕ ਸੀਮਤ ਸਨ। ਹਾਫਮੈਨ ਨੇ ਇਨ੍ਹਾਂ ਮੁਲਾਕਾਤਾਂ ’ਤੇ ਅਫਸੋਸ ਵੀ ਪ੍ਰਗਟਾਇਆ ਹੈ। ਦੂਜੇ ਪਾਸੇ ਸਾਲ 2013 ਦੀ ਇੱਕ ਈਮੇਲ ਇਹ ਵੀ ਦਰਸਾਉਂਦੀ ਹੈ ਕਿ ਐਪਸਟੀਨ ਨੇ ਸਪੇਸ-ਐਕਸ (SpaceX) ਦੇ ਦੌਰੇ ਲਈ ਮਸਕ ਦਾ ਧੰਨਵਾਦ ਕੀਤਾ ਸੀ। ਹਾਲਾਂਕਿ ਮਸਕ ਪਹਿਲਾਂ ਐਪਸਟੀਨ ਨੂੰ ਮਿਲਣ ਤੋਂ ਇਨਕਾਰ ਕਰ ਚੁੱਕੇ ਹਨ, ਪਰ ਇਨ੍ਹਾਂ ਨਵੇਂ ਦਸਤਾਵੇਜ਼ਾਂ ਨੇ ਟੈਕਨਾਲੋਜੀ ਜਗਤ ਦੀਆਂ ਇਨ੍ਹਾਂ ਵੱਡੀਆਂ ਹਸਤੀਆਂ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਐਪਸਟੀਨ ਦੀਆਂ ਫਾਈਲਾਂ ਨੇ ਕਈ ਜਣਿਆਂ ਨੂੰ ਵਖ਼ਤ ਪਾ ਦਿੱਤਾ ਹੈ।














