ਰੋਡਵੇਜ਼ ਦੀਆਂ ਦੋ ਬੱਸਾਂ ਵਿਚਾਲੇ ਰੇਸ , ਚੀਕਾਂ ਮਾਰਦੀਆਂ ਰਹੀਆਂ ਸਵਾਰੀਆਂ, ਡਰਾਈਵਰ ਸਸਪੈਂਡ

35

ਹਰਿਆਣਾ ਵਿਚ ਦੋ ਡਰਾਈਵਰਾਂ ਨੇ ਯਾਤਰੀਆਂ ਦੀ ਜਾਨ ਖਤਰੇ ਵਿਚ ਪਾ ਕੇ ਹਾਈਵੇਅ ਉਤੇ 10-12 ਕਿਲੋਮੀਟਰ ਤੱਕ ਤੇਜ਼ ਰਫਤਾਰ ਉਤੇ ਬੱਸਾਂ ਭਜਾਈਆਂ। ਹਾਈਵੇਅ ਉਤੇ ਦੋ ਬੱਸਾਂ ਵਿਚਾਲੇ ਹੋਈ ਰੇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੋਵਾਂ ਬੱਸਾਂ ਦੇ ਡਰਾਈਵਰਾਂ ਨੇ ਲੋਕਾਂ ਦੀ ਜਾਨ ਨਾਲ ਖੇਡਦੇ ਹੋਏ ਬੱਸਾਂ ਨੂੰ ਹਾਈਵੇ ਉਤੇ ਇਸ ਤਰ੍ਹਾਂ ਭਜਾਇਆ ਜਿਵੇਂ ਕਿ ਉਹ ਰੇਸਿੰਗ ਟ੍ਰੈਕ ‘ਤੇ ਚੱਲ ਰਹੀਆਂ ਹੋਣ।

ਮਾਮਲਾ ਹਰਿਆਣਾ ਦੇ ਜੀਂਦ ਜ਼ਿਲ੍ਹੇ ਦਾ ਹੈ। ਹੁਣ ਰੋਡਵੇਜ਼ ਦੇ ਜੀਂਦ ਡਿਪੂ ਦੇ ਜਨਰਲ ਮੈਨੇਜਰ ਨੇ ਨਰਵਾਣਾ ਸਬ ਡਿਪੂ ਦੇ ਡਰਾਈਵਰ ਨੂੰ ਮੁਅੱਤਲ ਕਰ ਦਿੱਤਾ ਹੈ। ਦੂਜੀ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਵਿੱਚ ਡਰਾਈਵਰ ਨੇ ਬੱਸ ਨੂੰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਭਜਾਇਆ, ਜਿਸ ਨਾਲ ਸਵਾਰੀਆਂ ਦੀ ਜਾਨ ਖਤਰੇ ਵਿੱਚ ਪੈ ਗਈ।

ਦਰਅਸਲ, 1 ਮਾਰਚ ਨੂੰ ਜੀਂਦ ਡਿਪੂ ਦੀ ਬੱਸ ਚੰਡੀਗੜ੍ਹ ਤੋਂ ਨਰਵਾਣਾ ਵੱਲ ਜਾ ਰਹੀ ਸੀ। ਇਸ ਬੱਸ ਨੇ ਹਿਸਾਰ ਜਾਣਾ ਸੀ ਅਤੇ ਇਸ ਨੂੰ ਡਰਾਈਵਰ ਮਹਿੰਦਰ ਸਿੰਘ ਚਲਾ ਰਿਹਾ ਸੀ। ਜਿਵੇਂ ਹੀ ਉਹ ਕਲਾਇਤ ਤੋਂ ਲੰਘਿਆ ਤਾਂ ਮਹਿੰਦਰ ਸਿੰਘ ਨੇ ਇਕ ਹੋਰ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਦੂਸਰੀ ਬੱਸ ਦੇ ਡਰਾਈਵਰ ਨੇ ਵੀ ਸਪੀਡ ਵਧਾ ਦਿੱਤੀ, ਜਿਸ ਕਾਰਨ ਮਹਿੰਦਰ ਸਿੰਘ ਨੇ ਵੀ ਬੱਸ ਨੂੰ ਤੇਜ਼ ਰਫ਼ਤਾਰ ‘ਤੇ ਚਲਾ ਕੇ ਗਲਤ ਤਰੀਕੇ ਨਾਲ ਕੱਟ ਮਾਰਿਆ। ਇਸ ਕਾਰਨ ਬੱਸ ਵਿੱਚ ਬੈਠੀਆਂ ਸਵਾਰੀਆਂ ਸਹਿਮ ਗਈਆਂ। ਦੋਵਾਂ ਬੱਸਾਂ ਦੇ ਡਰਾਈਵਰਾਂ ਵਿਚਕਾਰ ਅੱਗੇ ਨਿਕਲਣ ਦਾ ਮੁਕਾਬਲਾ ਕਈ ਕਿਲੋਮੀਟਰ ਤੱਕ ਚੱਲਦਾ ਰਿਹਾ। ਨਰਵਾਣਾ ਵਿੱਚ ਦਾਖਲ ਹੁੰਦੇ ਸਮੇਂ ਮਹਿੰਦਰ ਸਿੰਘ ਨੇ ਫਲਾਈਓਵਰ ’ਤੇ ਬੱਸ ਨੂੰ ਗਲਤ ਪਾਸੇ ਮੋੜ ਦਿੱਤਾ। ਇਸ ਘਟਨਾ ਦੀ ਵੀਡੀਓ ਪਿੱਛੇ ਆ ਰਹੀ ਕਾਰ ਦੇ ਡਰਾਈਵਰ ਨੇ ਬਣਾਈ।

ਬਾਅਦ ਵਿੱਚ ਯਾਤਰੀਆਂ ਨੇ ਇਸ ਘਟਨਾ ਦੀ ਸ਼ਿਕਾਇਤ ਜੀਐਮ ਨੂੰ ਕੀਤੀ ਅਤੇ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਰੋਡਵੇਜ਼ ਦੇ ਜਨਰਲ ਮੈਨੇਜਰ ਰਾਹੁਲ ਜੈਨ ਨੇ ਤੁਰੰਤ ਕਾਰਵਾਈ ਕਰਦਿਆਂ ਡਰਾਈਵਰ ਮਹਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ। ਮੁਅੱਤਲੀ ਦੌਰਾਨ ਮਹਿੰਦਰ ਸਿੰਘ ਦਾ ਮੁੱਖ ਦਫਤਰ ਜੀਂਦ ਟਰੈਫਿਕ ਬ੍ਰਾਂਚ ਹੋਵੇਗਾ। ਵਰਨਣਯੋਗ ਹੈ ਕਿ ਇਸ ਦੌਰਾਨ ਤੇਜ਼ ਰਫ਼ਤਾਰ ਕਾਰਨ ਹਾਈਵੇਅ ‘ਤੇ ਵਾਹਨ ਚਲਾਉਣ ਵਾਲੇ ਹੋਰ ਵਾਹਨ ਚਾਲਕਾਂ ਦੀ ਜਾਨ ਵੀ ਖਤਰੇ ‘ਚ ਸੀ।