lawrence bishnoi maun vrat- ਲਾਰੈਂਸ ਬਿਸ਼ਨੋਈ ਸਾਬਰਮਤੀ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਸੰਗਠਿਤ ਅਪਰਾਧਾਂ ਨੂੰ ਅੰਜਾਮ ਦੇਣ ਕਾਰਨ ਚਰਚਾ ਵਿਚ ਰਹਿੰਦਾ ਹੈ। ਹੁਣ ਜੇਲ੍ਹ ਵਿਚ ਉਸ ਦੇ ‘ਮੌਨ ਵਰਤ’ ਦੀ ਚਰਚਾ ਹੈ। ਸੂਤਰਾਂ ਮੁਤਾਬਕ ਸਾਬਰਮਤੀ ਜੇਲ੍ਹ ‘ਚ ਬੰਦ ਲਾਰੈਂਸ ਬਿਸ਼ਨੋਈ ਨੇ ਇਕ ਵਾਰ ਫਿਰ ਤੋਂ ਮੌਨ ਵਰਤ ਰੱਖਿਆ ਹੈ, ਜੋ ਕਿ ਉਸ ਦੇ ਜਨਮ ਦਿਨ (12 ਫਰਵਰੀ) ਤੋਂ ਅਗਲੇ ਦਿਨ 13 ਫਰਵਰੀ ਨੂੰ ਟੁੱਟੇਗਾ। ਇਸ ਮੌਨ ਵਰਤ ਦੌਰਾਨ ਉਹ ਨਾ ਤਾਂ ਕਿਸੇ ‘ਅਪਰੇਸ਼ਨ’ ਵਿਚ ਹਿੱਸਾ ਲੈਂਦਾ ਹੈ ਅਤੇ ਨਾ ਹੀ ਫ਼ੋਨ ਦੀ ਵਰਤੋਂ ਕਰਦਾ ਹੈ। ਜੇਲ੍ਹ ਵਿਚ ਉਹ ਸਿਰਫ਼ ਇਸ਼ਾਰਿਆਂ ਰਾਹੀਂ ਹੀ ਗੱਲਬਾਤ ਕਰਦਾ ਹੈ, ਇੱਥੋਂ ਤੱਕ ਕਿ ਬੁਨਿਆਦੀ ਸਹੂਲਤਾਂ ਲਈ ਵੀ।
ਕੀ ਵਰਤ ਦੌਰਾਨ ਹੁੰਦੇ ਹਨ ਵੱਡੇ ਅਪਰਾਧ?
ਜਾਂਚ ਏਜੰਸੀਆਂ ਮੁਤਾਬਕ ਜਦੋਂ ਲਾਰੈਂਸ ‘ਮੌਨ ਵਰਤ’ ਉਤੇ ਜਾਂਦਾ ਸੀ ਤਾਂ ਉਸ ਦੇ ਗਰੋਹ ਨੇ ਵੱਡੀ ਵਾਰਦਾਤਾਂ ਕੀਤੀਆਂ। ਬਾਬਾ ਸਿੱਦੀਕੀ ਕਤਲ ਕਾਂਡ ਦੌਰਾਨ ਵੀ ਉਹ ਜੇਲ੍ਹ ਵਿੱਚ ਮੌਨ ਵਰਤ ਉਤੇ ਸੀ। ਨਵਰਾਤਰੀ ਦੇ ਦੌਰਾਨ ਵੀ ਲਾਰੈਂਸ ਵਰਤ ਰੱਖਦਾ ਹੈ ਅਤੇ ਇਸ ਸਮੇਂ ਦੌਰਾਨ ਉਸ ਦੇ ਗਿਰੋਹ ਦੇ ਅਪਰਾਧ ਵਧ ਜਾਂਦੇ ਹਨ।
ਜੇਲ੍ਹ ‘ਚ ਮੋਬਾਈਲ ਅਤੇ ਗੈਂਗ ਅਪਰੇਸ਼ਨ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਨਾਦਿਰ ਸ਼ਾਹ ਕਤਲ ਕੇਸ ਦੀ ਚਾਰਜਸ਼ੀਟ ਵਿੱਚ ਖੁਲਾਸਾ ਕੀਤਾ ਸੀ ਕਿ ਲਾਰੇਂਸ ਨੇ ਤਿਹਾੜ ਜੇਲ੍ਹ ਵਿੱਚ ਬੰਦ ਹਾਸ਼ਿਮ ਬਾਬਾ ਨਾਲ ਸਾਬਰਮਤੀ ਜੇਲ੍ਹ ਦੇ ਅੰਦਰੋਂ ਮੋਬਾਈਲ ਫ਼ੋਨ ‘ਤੇ ਗੱਲ ਕੀਤੀ ਸੀ।
ਲਾਰੈਂਸ ਬਿਸ਼ਨੋਈ ਦਾ ਜਨਮ ਦਿਨ 12 ਫਰਵਰੀ ਨੂੰ ਹੁੰਦਾ ਹੈ। ਇਸ ਦਿਨ ਸੋਸ਼ਲ ਮੀਡੀਆ ‘ਤੇ ਉਸ ਦੇ ਫਾਲੋਅਰਜ਼ ਦੀਆਂ ਪੋਸਟਾਂ ਦਾ ਹੜ੍ਹ ਆ ਜਾਂਦਾ ਹੈ, ਜਿਸ ਤੋਂ ਉਸ ਦੇ ਨੈੱਟਵਰਕ ਦੀ ਸਰਗਰਮੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਸਰਕਾਰੀ ਏਜੰਸੀਆਂ ਲਾਰੈਂਸ ਬਿਸ਼ਨੋਈ ਦੀ ਚੁੱਪ ਅਤੇ ਉਸ ਦੇ ਗੈਂਗ ਦੇ ਅਪਰਾਧਾਂ ਵਿਚਕਾਰ ਡੂੰਘੇ ਸਬੰਧਾਂ ਦੀ ਜਾਂਚ ਕਰ ਰਹੀਆਂ ਹਨ। ਸਵਾਲ ਇਹ ਉੱਠਦਾ ਹੈ ਕਿ ਕੀ ਮੌਨ ਵਰਤ ਦੌਰਾਨ ਗਰੋਹ ਨੂੰ ਸੰਕੇਤ ਦਿੱਤੇ ਜਾਂਦੇ ਹਨ? ਕੀ ਇਹ ਜੁਰਮਾਂ ਨੂੰ ਛੁਪਾਉਣ ਦੀ ਰਣਨੀਤੀ ਹੈ? ਕੀ ਜੇਲ੍ਹ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਇਸ ਨੂੰ ਰੋਕਣ ਲਈ ਕੋਈ ਕਦਮ ਚੁੱਕਣਗੀਆਂ? ਲਾਰੈਂਸ ਬਿਸ਼ਨੋਈ ਦਾ ‘ਵਰਤ’ ਅਜੇ ਵੀ ਰਹੱਸ ਬਣਿਆ ਹੋਇਆ ਹੈ ਪਰ ਜਾਂਚ ਏਜੰਸੀਆਂ ਇਸ ‘ਤੇ ਨਜ਼ਰ ਰੱਖ ਰਹੀਆਂ ਹਨ।














