Sell-Aid Desk 24/7- ਇਨ੍ਹਾਂ ਦਾ ਨਾਮ ਉਸ ਵੇਲੇ ਸਾਹਮਣੇ ਆਇਆ ਜਦੋਂ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 28 ਨਵੰਬਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਜਵੱਦੀ ਪਿੰਡ ਤੋਂ ਗੋਲਡੀ ਢਿੱਲੋਂ ਗੈਂਗ ਦੇ ਇਕ ਆਪ੍ਰੇਟਰ ਬੰਧੂ ਮਾਨ ਸਿੰਘ ਸੇਖੋਂ ਨੂੰ ਗ੍ਰਿਫ਼ਤਾਰ ਕੀਤਾ।
ਕੈਨੇਡਾ ’ਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ’ਚ ਹੋਈ ਫਾਇਰਿੰਗ ਦੀਆਂ ਘਟਨਾਵਾਂ ਪਿੱਛੇ ਮਾਸਟਰਮਾਈਂਡ ਵਜੋਂ ਰਾਇਕੋਟ ਦੇ ਪਿੰਡ ਬ੍ਰਹਮਪੁਰ ਦੇ ਨੌਜਵਾਨ ਸੀਪੂ ਦਾ ਨਾਮ ਸਾਹਮਣੇ ਆਇਆ ਹੈ। ਕੈਨੇਡਾ ਪੁਲਿਸ ਤੇ ਕੇਂਦਰੀ ਏਜੰਸੀਆਂ ਅਨੁਸਾਰ, ਬ੍ਰਹਮਪੁਰ ਦੇ ਸੁਖਵਿੰਦਰ ਸੀਪੂ ਤੋਂ ਇਲਾਵਾ ਦੋ ਹੋਰ ਪੰਜਾਬੀ ਨੌਜਵਾਨ ਸ਼ੈਰੀ ਤੇ ਦਿਲਜੋਤ ਵੀ ਇਨ੍ਹਾਂ ਹਮਲਿਆਂ ਨਾਲ ਜੁੜੇ ਹੋਏ ਹਨ। ਇਨ੍ਹਾਂ ਦਾ ਨਾਮ ਉਸ ਵੇਲੇ ਸਾਹਮਣੇ ਆਇਆ ਜਦੋਂ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 28 ਨਵੰਬਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਜਵੱਦੀ ਪਿੰਡ ਤੋਂ ਗੋਲਡੀ ਢਿੱਲੋਂ ਗੈਂਗ ਦੇ ਇਕ ਆਪ੍ਰੇਟਰ ਬੰਧੂ ਮਾਨ ਸਿੰਘ ਸੇਖੋਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਸੀਪੂ ਨੇ ਸਾਜ਼ਿਸ਼ ਰਚੀ ਤੇ ਇਸ ਨੂੰ ਲਾਗੂ ਕਰਨ ‘ਤੇ ਨਜ਼ਰ ਰੱਖੀ, ਜਦਕਿ ਸੇਖੋਂ ਨੇ ਫਾਇਰਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਹਥਿਆਰ ਤੇ ਗੱਡੀਆਂ ਮੁਹੱਈਆ ਕਰਵਾਈਆਂ। ਹਾਲਾਂਕਿ ਲੁਧਿਆਣਾ (ਰੂਰਲ) ਪੁਲਿਸ ਇਸ ਮਾਮਲੇ ’ਚ ਕੋਈ ਜਾਣਕਾਰੀ ਨਹੀਂ ਦੇ ਰਹੀ, ਪਰ ਰਾਏਕੋਟ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਜੇ ਕੋਈ ਸੀਪੂ ਦੇ ਸਾਥੀ ਹਨ, ਤਾਂ ਉਨ੍ਹਾਂ ‘ਤੇ ਨਜ਼ਰ ਰੱਖੀ ਜਾਵੇ।
ਜਾਂਚ ’ਚ ਪਤਾ ਚੱਲਿਆ ਕਿ ਸੀਪੂ ‘ਤੇ ਛੇ ਮਹੀਨੇ ਪਹਿਲਾਂ ਮਾਲੇਰਕੋਟਲਾ ਜ਼ਿਲ੍ਹੇ ਦੇ ਅਹਿਮਦਗੜ੍ਹ ਸਿਟੀ ਪੁਲਿਸ ਥਾਣੇ ’ਚ ਇਕ ਵਿਅਕਤੀ ਨੂੰ ਆਪਣੇ ਸਾਲੇ ਖ਼ਿਲਾਫ਼ ਸ਼ਿਕਾਇਤ ਕਰਨ ‘ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੇਣ ਦੇ ਦੋਸ਼ ’ਚ ਕੇਸ ਦਰਜ ਹੋਇਆ ਸੀ।
ਕੈਪਸ ਕੈਫੇ ‘ਤੇ 10 ਜੁਲਾਈ ਨੂੰ ਖੁੱਲ੍ਹਣ ਦੇ ਕੁਝ ਹੀ ਸਮੇਂ ਬਾਅਦ ਹਮਲਾ ਹੋਇਆ, ਜਿਸ ਮਗਰੋਂ 7 ਅਗਸਤ ਤੇ 16 ਅਕਤੂਬਰ ਨੂੰ ਦੋ ਹੋਰ ਗੋਲ਼ੀਬਾਰੀ ਦੀਆਂ ਘਟਨਾਵਾਂ ਹੋਈਆਂ। ਲਾਰੈਂਸ ਬਿਸ਼ਨੋਈ ਗੈਂਗ ਨੇ ਇਨ੍ਹਾਂ ਤਿੰਨੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਕੈਨੇਡਾ ਦੇ ਅਧਿਕਾਰੀਆਂ ਤੇ ਕੇਂਦਰੀ ਏਜੰਸੀਆਂ ਦੀ ਤਾਜ਼ਾ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੈਰੀ ਤੇ ਦਿਲਜੋਤ ਰੇਹਲ (ਦੋਵੇਂ ਪੰਜਾਬੀ ਮੂਲ ਦੇ) ਨੇ ਸੀਪੂ ਦੇ ਕਹਿਣ ‘ਤੇ ਗੋਲ਼ੀਬਾਰੀ ਕੀਤੀ ਸੀ। ਸੇਖੋਂ, ਜੋ ਹਮਲੇ ਮਗਰੋਂ ਪੰਜਾਬ ਵਾਪਸ ਆ ਗਿਆ ਸੀ, ਉਸ ਨੂੰ ਦਿੱਲੀ ਪੁਲਿਸ ਨੇ 28 ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਤੋਂ ਕੀਤੀ ਪੁੱਛਗਿੱਛ ਦੌਰਾਨ ਤਿੰਨ ਪੰਜਾਬ ਦੇ ਨੌਜਵਾਨਾਂ ਦੀ ਪਛਾਣ ਹੋਈ। ਸੇਖੋਂ ਨੇ ਇਹ ਵੀ ਮਨਿਆ ਕਿ ਉਸ ਨੇ ਵੱਖ-ਵੱਖ ਸਮਿਆਂ ‘ਤੇ ਕੈਪਸ ਕੈਫੇ ‘ਤੇ ਹਮਲਿਆਂ ਲਈ ਹਥਿਆਰ ਤੇ ਗੱਡੀਆਂ ਸਪਲਾਈ ਕੀਤੀਆਂ ਸਨ।














