ਲੋਕਾਂ ਨੂੰ ਵੰਡ ਗਏ ਘੱਟ ਗੈਸ ਵਾਲੇ ਸਿਲੰਡਰ, ‘ਪਹਿਲਾਂ ਵਧੇ ਗੈਸ ਦੇ ਭਾਅ ਤੇ ਹੁਣ ਇਧਰੋਂ ਵੀ ਠੱਗੀ’

21

ਇਕ ਪਾਸੇ ਜਿੱਥੇ ਘਰੇਲੂ ਗੈਸ ਸਲੈਂਡਰਾਂ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਹੀ ਹੁਣ ਸਲੈਂਡਰਾਂ ਵਿੱਚ ਗੈਸ ਘੱਟ ਦਿੱਤੀ ਜਾਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਮਲੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਸਲੈਂਡਰਾਂ ਵਿੱਚ 1 ਤੋਂ 2 ਕਿਲੋ ਤੱਕ ਘੱਟ ਗੈਸ ਪਾਈ ਗਈ।

ਮਲੋਟ ਦੇ ਨਿਵਾਸੀ ਹੈਪੀ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਸਮਾਗਮ ਹੋਣ ਕਰਕੇ ਉਨ੍ਹਾਂ ਨੇ ਮਲੋਟ ਦੀ ਸੁਰੀਆਂ ਐਚ.ਪੀ. ਗੈਸ ਏਜੰਸੀ ਤੋਂ 12 ਘਰੇਲੂ ਸਲੈਂਡਰ ਮੰਗਵਾਏ। ਸ਼ੱਕ ਹੋਣ ‘ਤੇ ਜਦੋਂ ਇਨ੍ਹਾਂ ਸਲੈਂਡਰਾਂ ਦਾ ਤੋਲ ਕੀਤਾ ਗਿਆ, ਤਾਂ ਹਰ ਸਲੈਂਡਰ ਵਿੱਚ 1 ਤੋਂ 2 ਕਿਲੋ ਤੱਕ ਗੈਸ ਘੱਟ ਨਿਕਲੀ।

ਜਦੋਂ ਗੈਸ ਲਿਆਉਣ ਆਏ ਕਰਿੰਦੇ ਨਾਲ ਗੱਲ ਕੀਤੀ ਗਈ, ਤਾਂ ਉਸ ਨੇ ਗੈਸ ਘੱਟ ਹੋਣ ਦੀ ਗੱਲ ਮੰਨਦੇ ਹੋਏ ਕਿਹਾ ਕਿ ਇਹ ਸਿਲੰਡਰ ਪੁਰਾਣੇ ਹਨ ਅਤੇ ਉਹ ਸਿਲੰਡਰ ਬਦਲ ਦੇਵੇਗਾ। ਹਾਲਾਤ ਵੇਖਦਿਆਂ ਹੈਪੀ ਸਿੰਗਲਾ ਨੇ ਮੌਕੇ ‘ਤੇ ਹੀ ਗੈਸ ਏਜੰਸੀ ਦੇ ਮਾਲਕ ਅਸ਼ਵਨੀ ਕੁਮਾਰ ਨੂੰ ਬੁਲਾਇਆ।

ਇਸ ਮਾਮਲੇ ‘ਤੇ ਗੈਸ ਏਜੰਸੀ ਦੇ ਮਾਲਕ ਅਸ਼ਵਨੀ ਕੁਮਾਰ ਨੇ ਕਿਹਾ ਕਿ ਉਹ ਹਮੇਸ਼ਾਂ ਆਪਣੇ ਗਾਹਕਾਂ ਨੂੰ ਸਲੈਂਡਰ ਤੋਲ ਕੇ ਲੈਣ ਦੀ ਬੇਨਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਗਲਤੀ ਏਜੰਸੀ ਦੇ ਕਰਿੰਦੇ ਵੱਲੋਂ ਹੋਈ ਹੈ ਅਤੇ ਉਸ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਆਸ਼ਵਾਸਨ ਦਿੱਤਾ ਕਿ ਅਜਿਹੀ ਗਲਤੀ ਭਵਿੱਖ ਵਿੱਚ ਨਾ ਹੋਵੇ, ਇਹ ਯਕੀਨੀ ਬਣਾਇਆ ਜਾਵੇਗਾ।