ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਸਮਰਾਲਾ ਪੁਲਿਸ ਵੱਲੋਂ ਤਰਨ ਤਾਰਨ ਤੋਂ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਹਥਿਆਰਾਂ ਦੀ ਬਰਾਮਦਗੀ ਦੌਰਾਨ ਪੁਲਿਸ ਤੇ ਮੁਲਜ਼ਮਾਂ ਵਿਚਕਾਰ ਮੁੱਠਭੇੜ ਹੋਈ ਜਿਸ ਵਿੱਚ ਦੋਨੋਂ ਪਾਸੋਂ ਗੋਲੀਆਂ ਚੱਲੀਆਂ।
ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਸਮਰਾਲਾ ਪੁਲਿਸ ਵੱਲੋਂ ਤਰਨ ਤਾਰਨ ਤੋਂ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਹਥਿਆਰਾਂ ਦੀ ਬਰਾਮਦਗੀ ਦੌਰਾਨ ਪੁਲਿਸ ਤੇ ਮੁਲਜ਼ਮਾਂ ਵਿਚਕਾਰ ਮੁੱਠਭੇੜ ਹੋਈ ਜਿਸ ਵਿੱਚ ਦੋਨੋਂ ਪਾਸੋਂ ਗੋਲੀਆਂ ਚੱਲੀਆਂ। ਇਸ ਮੁੱਠਭੇੜ ਦੌਰਾਨ ਇੱਕ ਮੁਲਜ਼ਮ ਹਰਕਰਨ ਸਿੰਘ ਕਰਨ ਤੇ ਸੀਆਈਏ ਸਟਾਫ ਇੰਚਾਰਜ ਜਸਪਿੰਦਰ ਸਿੰਘ ਨੂੰ ਗੋਲੀ ਲੱਗੀ।
ਜਾਣਕਾਰੀ ਅਨੁਸਾਰ, ਬੀਤੇ ਦਿਨਾਂ ਪਿੰਡ ਮਾਣਕੀ ਵਿੱਚ ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਸਮਰਾਲਾ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਬਰਾਮਦਗੀ ਲਈ ਦੋ ਮੁਲਜ਼ਮ ਗੁਰਤੇਜ ਸਿੰਘ ਤੇਜੀ ਅਤੇ ਹਰਕਰਨ ਸਿੰਘ ਕਰਨ ਨੂੰ ਪਿੰਡ ਕੁੱਬੇ ਦੇ ਬੰਦ ਪਏ ਟੋਲ ਪਲਾਜੇ ਦੇ ਕੋਲ ਲਿਜਾਇਆ ਗਿਆ, ਜਿੱਥੇ ਦੋਹਾਂ ਨੇ ਚਲਾਕੀ ਨਾਲ ਪੁਲਿਸ ਉੱਤੇ ਪਿਸਤੌਲ ਨਾਲ ਹਮਲਾ ਕਰ ਦਿੱਤਾ। ਪੁਲਿਸ ਵੱਲੋਂ ਦਿੱਤੀ ਗਈ ਜਵਾਬੀ ਕਾਰਵਾਈ ਦੌਰਾਨ ਮੁੱਠਭੇੜ ਹੋਈ ਜਿਸ ਵਿੱਚ ਹਰਕਰਨ ਸਿੰਘ ਕਰਨ ਦੇ ਗੋਡੇ ਤੇ ਗੋਲੀ ਲੱਗੀ ਜਦਕਿ ਦੂਜੇ ਮੁਲਜ਼ਮ ਦਾ ਗਿੱਟਾ ਟੁੱਟ ਗਿਆ।
ਇਸ ਮੁੱਠਭੇੜ ਦੌਰਾਨ ਸੀਆਈਏ ਸਟਾਫ ਇੰਚਾਰਜ ਜਸਪਿੰਦਰ ਸਿੰਘ ਦੇ ਪੱਟ ਤੇ ਗੋਲੀ ਲੱਗੀ। ਜਖ਼ਮੀ ਅਧਿਕਾਰੀ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦਕਿ ਦੋਵੇਂ ਜਖ਼ਮੀ ਮੁਲਜ਼ਮ ਸਮਰਾਲਾ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਐਸਐਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਕਤਲ ਦੇ ਪਿੱਛੇ ਰੰਜਿਸ਼ ਸੀ। ਪਿੰਡ ਮਾਣਕੀ ਦੇ ਮਾਰੇ ਗਏ ਧਰਮਵੀਰ ਸਿੰਘ ਧਰਮਾ ਵੱਲੋਂ ਕਤਲ ਤੋਂ ਪਹਿਲਾਂ ਮੁਲਜ਼ਮ ਹਰਕਰਨ ਸਿੰਘ ਦੇ ਪਿਤਾ ਨਾਲ ਕੁੱਟਮਾਰ ਕੀਤੀ ਗਈ ਸੀ। ਇਸ ਰੰਜਿਸ਼ ਦੇ ਤਹਿਤ 3 ਨਵੰਬਰ ਨੂੰ ਪਿੰਡ ਮਾਣਕੀ ਵਿੱਚ ਹਮਲਾ ਕਰਕੇ ਧਰਮਵੀਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ।














