ਗੁਰਦਾਸਪੁਰ ਵਿੱਚ ਐਸਪੀ ਹੈਡ ਕੁਆਰਟਰ ਜੁਗਰਾਜ ਸਿੰਘ ਨੇ ਸੜਕ ਕਿਨਾਰੇ ਨਜਾਇਜ਼ ਕਬਜ਼ੇ ਕਰਨ ਵਾਲਿਆਂ, ਰੇਹੜੀਆਂ ਲਗਾਉਣ ਵਾਲੇ ਦੁਕਾਨਦਾਰਾਂ ਅਤੇ ਨਜਾਇਜ਼ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ। ਦੇਰ ਰਾਤ ਹੰਨੁਮਾਨ ਚੌਕ ਤੋਂ ਤਿੱਬੜੀ ਰੋਡ ਤੱਕ ਦੀ ਤਲਾਸ਼ੀ ਮੁਹਿੰਮ ਦੌਰਾਨ ਉਹਨਾਂ ਨੇ ਨਾ ਸਿਰਫ਼ ਦੁਕਾਨਾਂ ਦੇ ਬਾਹਰ ਰੱਖੇ ਸਮਾਨ ਨੂੰ ਅੰਦਰ ਕਰਵਾਇਆ, ਸਗੋਂ ਕੁਝ ਬੋਰਡ ਵੀ ਜਬਤ ਕਰਵਾਏ।
ਐਸਪੀ ਜੁਗਰਾਜ ਸਿੰਘ ਦੇ ਨਾਲ ਡੀਐਸਪੀ ਕੁਲਵੰਤ ਸਿੰਘ ਮਾਨ, ਥਾਣਾ ਸਿਟੀ ਮੁਖੀ ਗੁਰਮੀਤ ਸਿੰਘ ਅਤੇ ਟਰੈਫਿਕ ਇੰਚਾਰਜ ਸਤਨਾਮ ਸਿੰਘ ਵੀ ਮੌਜੂਦ ਸਨ। ਇਸ ਦੌਰਾਨ ਉਹਨਾਂ ਨੇ ਇਤਨੀ ਸਖਤੀ ਦਿਖਾਈ ਕਿ ਸੜਕ ਕਿਨਾਰੇ ਖੜੀ ਇਕ ਪੁਲਿਸ ਮੁਲਾਜ਼ਮ ਦੀ ਗੱਡੀ ਨੂੰ ਵੀ ਚੁੱਕ ਕੇ ਥਾਣੇ ਭੇਜਣ ਦੇ ਹੁਕਮ ਦਿੱਤੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਲਗਾਤਾਰ ਟਰੈਫਿਕ ਜਾਮ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਇਸ ਦੇ ਪਿੱਛੇ ਵੱਡਾ ਹੱਥ ਉਹਨਾਂ ਦੁਕਾਨਦਾਰਾਂ ਦਾ ਹੈ ਜੋ ਸੜਕਾਂ ਉੱਤੇ ਕਬਜ਼ਾ ਕਰ ਰਹੇ ਹਨ। ਕੁਝ ਨੇ ਤਾਂ ਰੇਹੜੀਆਂ ਵੀ ਲਗਵਾਈਆਂ ਹੋਈਆਂ ਹਨ, ਜੋ ਨਿਯਮਾਂ ਦੀ ਸਿੱਧੀ ਉਲੰਘਣਾ ਹੈ।
ਉਹਨਾਂ ਸਾਫ਼ ਕੀਤਾ ਕਿ ਹੁਣ ਇਨ੍ਹਾਂ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।













