ਨਸ਼ਾ ਤਸਕਰ ਦੇ ਘਰ ਨੂੰ ਕੀਤਾ ਆਂਗਣਵਾੜੀ ਸੈਂਟਰ ‘ਚ ਤਬਦੀਲ, ਭੁੱਖੇ-ਭਾਣੇ ਖੁੱਲ੍ਹੇ ਅਸਮਾਨ ‘ਚ ਰਹਿ ਰਿਹਾ ਹੁਣ ਪਰਿਵਾਰ

57

ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸ਼ਮਸ਼ੇਰਪੁਰ ਵਿੱਚ ਇੱਕ ਪਰਿਵਾਰ ਦੀ ਮੁਸੀਬਤਾਂ ਨੇ ਹਰ ਕਿਸੇ ਦਾ ਦਿਲ ਦਹਿਲਾ ਦਿੱਤਾ। ਇਸ ਪਰਿਵਾਰ ਦੇ ਸਿਰਮੌਰ ਰਾਮਪਾਲ ਸਿੰਘ ਉੱਤੇ ਐਨਡੀਪੀਐਸ ਐਕਟ ਦੇ ਦੋ ਮਾਮਲੇ ਦਰਜ ਸਨ। ਉਨ੍ਹਾਂ ਦੇ ਘਰ ਨੂੰ ਪੰਚਾਇਤ ਦੀ ਸ਼ਾਮਲਾਟ ਜ਼ਮੀਨ ‘ਤੇ ਨਜਾਇਜ਼ ਤੌਰ ‘ਤੇ ਬਣਾਇਆ ਗਿਆ ਦੱਸਦੇ ਹੋਏ ਪ੍ਰਸ਼ਾਸਨ ਨੇ ਨੋਟਿਸ ਲਗਾ ਦਿੱਤਾ ਸੀ।

ਕੁਝ ਦਿਨ ਬਾਅਦ ਇਸੇ ਨੋਟਿਸ ਦੇ ਆਧਾਰ ‘ਤੇ ਪ੍ਰਸ਼ਾਸਨ ਵੱਲੋਂ ਰਾਮਪਾਲ ਸਿੰਘ ਦੇ ਘਰ ‘ਚ ਰਹਿ ਰਹੇ ਦੋ ਬਜ਼ੁਰਗ (ਦਾਦਾ-ਦਾਦੀ) ਅਤੇ ਦੋ ਛੋਟੇ ਬੱਚਿਆਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਉਨ੍ਹਾਂ ਨੂੰ ਆਂਗਣਵਾੜੀਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ। ਹੁਣ ਇਹ ਗਰੀਬ ਪਰਿਵਾਰ ਖੁੱਲ੍ਹੇ ਅਸਮਾਨ ਹੇਠਾਂ ਰਹਿਣ ‘ਤੇ ਮਜਬੂਰ ਹੈ।

ਰਮਨਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ, “ਮੇਰੇ ਦਾਦਾ-ਦਾਦੀ ਅਤੇ ਦੋ ਭੈਣ ਭਰਾ ਹੁਣ ਰੋਜ਼ਾਨਾ ਭੁੱਖੇ-ਭਾਣੇ ਖੁੱਲ੍ਹੇ ਅਸਮਾਨ ਹੇਠਾਂ ਸੁੱਤਦੇ ਹਨ। ਇਹ ਸੱਚ ਹੈ ਕਿ ਅਸੀਂ ਸ਼ਾਮਲਾਟ ਜ਼ਮੀਨ ‘ਤੇ ਘਰ ਬਣਾਇਆ, ਪਰ ਇੱਥੇ ਹੋਰ ਵੀ ਕਈ ਪਰਿਵਾਰ ਅਜਿਹੀ ਜ਼ਮੀਨ ‘ਤੇ ਵੱਸਦੇ ਹਨ। ਅਸੀਂ ਇਹ ਘਰ ਆਪਣੀ ਖੂਨ-ਪਸੀਨੇ ਦੀ ਕਮਾਈ ਨਾਲ, ਉਧਾਰ ਲੈ ਕੇ ਬਣਾਇਆ ਸੀ।”

ਉਨ੍ਹਾਂ ਕਿਹਾ ਕਿ “ਮੇਰੇ ਪਿਤਾ ਨਸ਼ੇੜੀ ਹਨ ਪਰ ਉਹ ਚਿੱਟਾ ਨਹੀਂ ਵੇਚਦੇ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਦੀ ਹਾਲਤ ਦੇਖਦਿਆਂ ਸਾਡੇ ਘਰ ਨੂੰ ਸਾਨੂੰ ਵਾਪਸ ਕੀਤਾ ਜਾਵੇ।”

ਇਸ ਸਬੰਧੀ ਪਿੰਡ ਦੇ ਸਰਪੰਚ ਨੇ ਵੀ ਕਿਹਾ, “ਸਰਕਾਰ ਵੱਲੋਂ ਨਸ਼ੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਰਵਾਈ ਕੀਤੀ ਗਈ ਹੈ। ਪਰ ਜੇਕਰ ਸਰਕਾਰ ਇਨ੍ਹਾਂ ਉੱਤੇ ਰਹਿਮ ਕਰਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ।”