ਚੰਡੀਗੜ੍ਹ ਵਿਚ ਧਾਰਾ 163 ਲਾਗੂ, ਸੜਕਾਂ ‘ਤੇ ਸੰਨਾਟਾ, 43 ਬੱਸ ਅੱਡੇ ਉਤੇ ਵਿਦਿਆਰਥੀਆਂ ਦੀ ਭੀੜ…

64

ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਤੋਂ ਬਾਅਦ ਪੰਜਾਬ ਦੇ ਸਾਰੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਅਜਿਹੀ ਸਥਿਤੀ ਵਿਚ ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕਿਆਂ ਦੇ ਕਾਲਜ ਵਿਦਿਆਰਥੀ ਘਰ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ। ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ 43 ਬੱਸ ਅੱਡਿਆਂ ਉਤੇ ਭਾਰੀ ਭੀੜ ਦੇਖੀ ਗਈ। ਇਸ ਦੇ ਨਾਲ ਹੀ ਸ਼ਹਿਰ ਦੇ ਕਈ ਇਲਾਕਿਆਂ ਦੀਆਂ ਸੜਕਾਂ ‘ਤੇ ਸੰਨਾਟਾ ਫੈਲਣਾ ਸ਼ੁਰੂ ਹੋ ਗਿਆ ਹੈ।

ਬੀਤੀ ਰਾਤ ਪਾਕਿਸਤਾਨ ਤੋਂ ਆਏ ਡਰੋਨ ਅਲਰਟ ਦਾ ਅਸਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਚੰਡੀਗੜ੍ਹ ਤੋਂ ਲੈ ਕੇ ਮੋਹਾਲੀ ਜ਼ਿਲ੍ਹੇ ਤੱਕ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਹੋਸਟਲਾਂ ਵਿਚ ਰਹਿਣ ਵਾਲੇ ਜ਼ਿਆਦਾਤਰ ਵਿਦਿਆਰਥੀ ਆਪਣੇ ਬੈਗ ਪੈਕ ਕਰਕੇ ਆਪਣੇ ਘਰਾਂ ਵੱਲ ਜਾ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹਦੇ ਹਨ। ਹਿਮਾਚਲ ਪ੍ਰਦੇਸ਼ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਇੱਥੇ ਪੜ੍ਹਦੇ ਹਨ, ਜੋ ਹੁਣ ਘਰ ਵਾਪਸ ਆ ਰਹੇ ਹਨ।

ਲਾਂਡਰਾਂ ਰੋਡ ‘ਤੇ ਸਥਿਤ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਆਪਣੇ ਹੋਸਟਲ ਛੱਡ ਕੇ ਚਲੇ ਗਏ ਹਨ। ਵਿਦਿਆਰਥੀਆਂ ਨੇ ਕਿਹਾ ਕਿ ਸਾਡੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਅਤੇ ਸਾਨੂੰ ਦੱਸਿਆ ਗਿਆ ਹੈ ਕਿ ਜੋ ਵੀ ਜਾਣਾ ਚਾਹੁੰਦਾ ਹੈ, ਉਹ ਘਰ ਜਾ ਸਕਦਾ ਹੈ। ਕਿਉਂਕਿ ਹੁਣ ਪ੍ਰੀਖਿਆ ਦੀ ਅਗਲੀ ਤਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਦੂਜੇ ਪਾਸੇ, ਚੰਡੀਗੜ੍ਹ ਟਰਾਂਸਪੋਰਟ ਦੀ ਜੰਮੂ-ਕਟੜਾ ਬੱਸ ਸੇਵਾ ਬੰਦ ਕਰ ਦਿੱਤੀ ਗਈ ਹੈ। ਇਹ ਬੱਸ ਸੇਵਾ ਸਵੇਰੇ ਅਤੇ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਤੋਂ ਜੰਮੂ ਕਟੜਾ ਜਾਂਦੀ ਸੀ।

ਚੰਡੀਗੜ੍ਹ ਵਿੱਚ ਧਾਰਾ 163 ਲਾਗੂ
ਪ੍ਰਸ਼ਾਸਨ ਨੇ ਚੰਡੀਗੜ੍ਹ ਵਿਚ ਧਾਰਾ 163 ਲਾਗੂ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਕਿਸੇ ਵੀ ਤਰ੍ਹਾਂ ਦੇ ਪਟਾਕੇ ਅਤੇ ਆਤਿਸ਼ਬਾਜ਼ੀ ਉਤੇ ਪਾਬੰਦੀ ਲਗਾਈ ਗਈ ਹੈ। ਪ੍ਰਸ਼ਾਸਨ ਨੇ ਰਾਸ਼ਨ ਸਮੇਤ ਜ਼ਰੂਰੀ ਚੀਜ਼ਾਂ ਨੂੰ ਸਟੋਰ ਕਰਨ ‘ਤੇ ਪਾਬੰਦੀ ਲਗਾਈ ਹੈ। ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਯਾਦਵ ਨੇ ਇਹ ਹੁਕਮ ਜਾਰੀ ਕੀਤੇ ਹਨ। ਅਜਿਹੀ ਸਥਿਤੀ ਵਿੱਚ, ਕੋਈ ਵੀ ਵਿਅਕਤੀ, ਵਪਾਰੀ, ਥੋਕ ਵਿਕਰੇਤਾ ਜਾਂ ਪ੍ਰਚੂਨ ਵਿਕਰੇਤਾ ਕਿਸੇ ਵੀ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਦਾ ਭੰਡਾਰ ਨਹੀਂ ਕਰ ਸਕਦਾ। ਸਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਕੋਲ ਮੌਜੂਦ ਸਟਾਕ ਬਾਰੇ ਜਾਣਕਾਰੀ ਖੁਰਾਕ ਅਤੇ ਸਪਲਾਈ ਵਿਭਾਗ ਨੂੰ ਦੇਣ। ਜੇਕਰ ਕਿਤੇ ਵੀ ਮਹਿੰਗੀਆਂ ਖਾਣ-ਪੀਣ ਦੀਆਂ ਚੀਜ਼ਾਂ ਵਿਕ ਰਹੀਆਂ ਹਨ, ਤਾਂ ਨਾਗਰਿਕ ਇਸ ਬਾਰੇ ਸੈਕਟਰ 17 ਵਿੱਚ ਸਥਿਤ ਖਪਤਕਾਰ ਮਾਮਲੇ ਅਤੇ ਕਾਨੂੰਨੀ ਮੈਟਰੋਲੋਜੀ ਵਿਭਾਗ ਨੂੰ ਸ਼ਿਕਾਇਤ ਕਰ ਸਕਦਾ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਚੰਡੀਗੜ੍ਹ ‘ਤੇ ਡਰੋਨ ਲਾਂਚ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਇਸ ਦੇ ਨਾਲ ਹੀ, ਹਵਾਈ ਸੈਨਾ ਨੇ ਪ੍ਰਸ਼ਾਸਨ ਨੂੰ ਇੱਕ ਅਲਰਟ ਵੀ ਭੇਜਿਆ ਹੈ ਕਿ ਡਰੋਨ ਤੋਂ ਹਮਲਾ ਹੋ ਸਕਦਾ ਹੈ। ਅਜਿਹੇ ਵਿੱਚ ਸਵੇਰੇ ਚੰਡੀਗੜ੍ਹ ਵਿੱਚ ਵੀ ਸਾਇਰਨ ਵੱਜਿਆ। ਇਸ ਕਾਰਨ ਸ਼ਹਿਰ ਦੇ ਬਾਜ਼ਾਰਾਂ ਵਿੱਚ ਭੀੜ ਘੱਟ ਗਈ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।