Sell-Aid Desk24/7-ਹੜ ਪੀੜਤਾਂ ਲਈ ਵੱਡਾ ਪੈਕੇਜ ਦੇ ਨਾਲ ਨਾਲ ਆਰਡੀਐਫ ਅਤੇ ਜੀਐਸਟੀ ਦੇ ਰੋਕੇ 60 ਹਜਾਰ ਕਰੋੜ ਰੁਪਏ ਵੀ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਸਮੇਤ ਹੜ ਪ੍ਰਭਾਵਿਤ ਹੋਰ ਇਲਾਕਿਆਂ ਵਿੱਚ 9 ਸਤੰਬਰ ਦੀ ਆਮਦ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਪ੍ਰਧਾਨ ਮੰਤਰੀ ਸਾਹਮਣੇ ਵੱਡੀਆਂ ਮੰਗਾਂ ਰੱਖੀਆਂ ਹਨ। ਬਹਿਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਹ ਫੇਰੀ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਪ੍ਰਧਾਨ ਮੰਤਰੀ ਹੜ੍ਹ ਪੀੜਤਾਂ ਅਤੇ ਪੰਜਾਬ ਲਈ ਵੱਡੇ ਪੈਕਜ ਦਾ ਐਲਾਨ ਕਰਕੇ ਜਾਣ। ਖਾਸ ਤੌਰ ’ਤੇ ਪੰਜਾਬ ਦੇ ਆਰਡੀਐਫ ਅਤੇ ਜੀਐਸਟੀ ਫੰਡਾਂ ਦੀ ਰੋਕੀ ਗਈ 60 ਹਜਾਰ ਕਰੋੜ ਰੁਪਏ ਤੋਂ ਜਿਆਦਾ ਰਾਸ਼ੀ ਨੂੰ ਤੁਰੰਤ ਰਿਲੀਜ ਕੀਤਾ ਜਾਵੇ। ਬਹਿਲ ਨੇ ਕਿਹਾ ਕਿ ਪੰਜਾਬੀ ਅਤੇ ਗੁਰਦਾਸਪੁਰ ਦਾ ਵਸਨੀਕ ਹੋਣ ਦੇ ਨਾਤੇ ਉਹ ਪ੍ਰਧਾਨ ਮੰਤਰੀ ਨੂੰ ਗੁਰਦਾਸਪੁਰ ਦੀ ਧਰਤੀ ਤੇ ਆਉਣ ਮੌਕੇ ਜੀ ਆਇਆਂ ਨੂੰ ਕਹਿੰਦੇ ਹਨ। ਪਰ ਨਾਲ ਹੀ ਇੱਕ ਉਮੀਦ ਰੱਖਦੇ ਹਨ ਕਿ ਪ੍ਰਧਾਨ ਮੰਤਰੀ ਜਦੋਂ ਗੁਰਦਾਸਪੁਰ ਦੀ ਧਰਤੀ ’ਤੇ ਆਉਣ ਤਾਂ ਉਨਾਂ ਦਾ ਵਿਵਹਾਰ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਵਰਗਾ ਹੋਣਾ ਚਾਹੀਦਾ ਹੈ। ਬਹਿਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਹਮੇਸ਼ਾਂ ਵਿਤਕਰਾ ਕੀਤਾ ਹੈ। ਹੁਣ ਵੀ ਪੰਜਾਬ ਦਾ ਆਰਡੀਐਫ ਦਾ ਤਕਰੀਬਨ 8 ਹਜਾਰ ਕਰੋੜ ਰੁਪਇਆ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਹੈ। ਇਸ ਪੈਸੇ ਨਾਲ ਪੰਜਾਬ ਦੀਆਂ ਪੇਂਡੂ ਖੇਤਰ ਦੀਆਂ ਸੜਕਾਂ ਦਾ ਨਿਰਮਾਣ ਹੋਣਾ ਸੀ। ਉਨਾਂ ਕਿਹਾ ਕੇ ਕੇਂਦਰ ਸਰਕਾਰ ਨੇ ਜੀਐਸਟੀ ਦਾ ਵੀ ਤਕਰੀਬਨ 50 ਹਜਾਰ ਕਰੋੜ ਰੁਪਇਆ ਵੀ ਰੋਕ ਕੇ ਰੱਖਿਆ ਹੋਇਆ ਹੈ ਜੋ ਪੰਜਾਬ ਦੇ ਵਿਕਾਸ ਲਈ ਖਰਚ ਕੀਤਾ ਜਾਣਾਹ ਹੈ। ਬਹਿਲ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ’ਤੇ ਹੋਣ ਕਾਰਨ ਗੁਰਦਾਸਪੁਰ ਜ਼ਿਲ੍ਹੇ ਨੇ ਹਮੇਸ਼ਾਂ ਵੱਡੀਆਂ ਮੁਸ਼ਕਿਲਾਂ ਦਾ ਮੋਹਰੀ ਹੋ ਕੇ ਸਾਹਮਣਾ ਕੀਤਾ ਹੈ। ਭਾਵੇਂ ਪਾਕਿਸਤਾਨ ਹਿੰਦੁਸਤਾਨ ਦੀ ਲੜਾਈ ਹੋਵੇ ਅਤੇ ਜਾ ਫਿਰ ਹੜਾਂ ਦਾ ਪ੍ਰਕੋਪ ਹੋਵੇ, ਗੁਰਦਾਸਪੁਰ ਜਿਲੇ ਦਾ ਸਭ ਤੋਂ ਜਿਆਦਾ ਨੁਕਸਾਨ ਹੁੰਦਾ ਰਿਹਾ ਹੈ। ਹੁਣ ਵੀ 37 ਸਾਲਾਂ ਬਾਅਦ ਦੁਬਾਰਾ ਹੜ ਆਉਣ ਕਾਰਨ ਗੁਰਦਾਸਪੁਰ ਜਿਲ੍ਹੇ ਦਾ ਬਹੁਤ ਵੱਡਾ ਹਿੱਸਾ ਪ੍ਰਭਾਵਿਤ ਹੋਇਆ ਹੈ। ਇਸ ਨਾਲ ਫਸਲਾਂ, ਪਸ਼ੂਆਂ, ਘਰਾਂ, ਕਾਰੋਬਾਰਾਂ ਸਮੇਤ ਹੋਰ ਅਨੇਕਾਂ ਚੀਜਾਂ ਦਾ ਵੱਡਾ ਨੁਕਸਾਨ ਹੋਇਆ ਹੈ। ਪਰ ਅਜੇ ਤੱਕ ਪ੍ਰਧਾਨ ਮੰਤਰੀ ਨੇ ਇਸ ਨੁਕਸਾਨ ਬਾਰੇ ਕੋਈ ਬਿਆਨ ਨਹੀਂ ਦਿੱਤਾ। ਹੁਣ ਜਦੋਂ ਪ੍ਰਧਾਨ ਮੰਤਰੀ ਖੁਦ ਆ ਰਹੇ ਹਨ ਤਾਂ ਪ੍ਰਧਾਨ ਮੰਤਰੀ ਇਸ ਗੱਲ ਦਾ ਖਿਆਲ ਜਰੂਰ ਰੱਖਣ ਕਿ ਪੰਜਾਬ ਸਾਰੇ ਹਿੰਦੁਸਤਾਨ ਦਾ ਉਹ ਹਿੱਸਾ ਹੈ ਜਿਹਨੇ ਹਰ ਕੁਰਬਾਨੀ ਦੇ ਵਿੱਚ ਇੱਕ ਵੱਡਾ ਯੋਗਦਾਨ ਦਿੱਤਾ ਹੈ। ਅੱਜ ਇਨਾਂ ਸਾਰੀਆਂ ਗੱਲਾਂ ਦੇ ਮੱਦੇਨਜਰ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਗੁਰਦਾਸਪੁਰ ਅਤੇ ਪੰਜਾਬ ਲਈ ਇੱਕ ਬਹੁਤ ਵੱਡੇ ਪੈਕੇਜ ਦਾ ਐਲਾਨ ਕਰਕੇ ਜਾਣ ਤਾਂ ਇਸ ਮੁਸ਼ਕਿਲ ਘੜੀ ਵਿੱਚ ਪੀੜਤ ਲੋਕਾਂ ਨੂੰ ਹੌਂਸਲਾ ਮਿਲ ਸਕੇ।










