ਪਾਕਿਸਤਾਨ ਨੂੰ ਇਕ ਹੋਰ ਸਬਕ ਸਿਖਾਉਣ ਦਾ ਸਮਾਂ, ਅੱਜ ਭਾਰਤ ਤੇ ਪਾਕਿਸਤਾਨ ਦਰਮਿਆਨ ਦੁਬਈ ’ਚ ਹੋਵੇਗਾ ਏਸ਼ੀਆ ਕੱਪ ਦਾ ਫਾਈਨਲ

21

Sell-Aid Desk24/7- ਗੱਲ ਵੀਰਵਾਰ ਦੀ ਹੈ। ਪਾਕਿਸਤਾਨ ਤੇ ਬੰਗਲਾਦੇਸ਼ ਦਰਮਿਆਨ ਸੁਪਰ -4 ਦਾ ਮੈਚ ਚੱਲ ਰਿਹਾ ਸੀ। ਅਸੀਂ ਬੇੜੀ ’ਚ ਗੋਲਡ ਸ਼ੂਕ ਤੋਂ ਮੀਨਾ ਬਾਜ਼ਾਰ ਵੱਲ ਜਾ ਰਹੇ ਸੀ। ਇਹ ਮੁਸ਼ਕਲ ਨਾਲ ਇਕ ਕਿਲੋਮੀਟਰ ਦਾ ਰਸਤਾ ਵੀ ਨਹੀਂ ਹੋਵੇਗਾ। ਬੇੜੀ ਵਾਲਾ ਮੁਸਾਫ਼ਿਰਾਂ ਨੂੰ ਬਿਠਾਉਂਦੇ ਸਮੇਂ ਕਾਫ਼ੀ ਖਿਝਿਆ ਹੋਇਆ ਲੱਗ ਰਿਹਾ ਸੀ ਪਰ ਜਿਵੇਂ-ਜਿਵੇਂ ਬੇੜੀ ਆਪਣੀ ਮੰਜ਼ਿਲ ’ਤੇ ਪਹੁੰਚ ਰਹੀ ਸੀ, ਉਸ ਦੇ ਚਿਹਰੇ ’ਤੇ ਖ਼ੁਸ਼ੀ ਵਧਦੀ ਜਾ ਰਹੀ ਸੀ। 10 ਮਿੰਟਾਂ ਦਾ ਸਫ਼ਰ ਜਿਵੇਂ ਹੀ ਪੂਰਾ ਹੋਇਆ, ਉਹ ਬੋਲਿਆ ਹੁਣ ਐਤਵਾਰ ਨੂੰ ਅਸਲੀ ਜੰਗ ਹੋਵੇਗੀ। ਸਾਨੂੰ ਪਤਾ ਲੱਗ ਗਿਆ ਸੀ ਕਿ ਪਾਕਿਸਤਾਨ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ’ਚ ਪਹੁੰਚ ਗਿਆ ਹੈ। ਉਸ ਨੇ ਕਿਹਾ ਕਿ ਅਸੀਂ ਦਿਰਹਮ ਬਚਾ ਕੇ ਰੱਖੇ ਹਨ ਤੇ ਪੂਰੀ ਤਿਆਰੀ ਕੀਤੀ ਹੈ ਉਸ ਮੈਚ ਨੂੰ ਦੇਖਣ ਦੀ। ਹੁਣ ਮਜ਼ਾ ਆਏਗਾ। ਮੈਂ ਉਸ ਨੂੰ ਕਿਹਾ ਕਿ ਇਸੇ ਏਸ਼ੀਆ ਕੱਪ ’ਚ ਦੋ ਵਾਰ ਪਾਕਿਸਤਾਨ ਜੰਗ ਹਾਰ ਚੁੱਕਾ ਹੈ। ਇਹ ਕਿਹੋ ਜਿਹੀ ਜੰਗ ਹੈ ਜਿਹੜੀ ਪਾਕਿਸਤਾਨ ਹਮੇਸ਼ਾ ਹਾਰਦਾ ਰਹਿੰਦਾ ਹੈ। ਉਹ ਬੋਲਿਆ ਅਸੀਂ ਤਾਂ ਖੇਡਦੇ ਹੀ ਹਾਂ ਹਾਰਨ ਲਈ ਪਰ ਜੇਕਰ ਜਿੱਤ ਗਏ ਤਾਂ ਫਿਰ ਦੇਖਣਾ… ਇਹ ਕੁਝ ਲਾਈਨਾਂ ਤੁਹਾਨੂੰ ਇਹ ਦੱਸਣ ਲਈ ਕਾਫ਼ੀ ਹਨ ਕਿ ਭਾਰਤੀ ਟੀਮ ਲਈ ਇਹ ਮੈਚ ਜਿੱਤਣਾ ਕਿਉਂ ਜ਼ਰੂਰੀ ਹੈ। ਇਹ ਜਿੱਤ ਸਿਰਫ਼ ਭਾਰਤ ’ਚ ਰਹਿਣ ਵਾਲੇ ਲੋਕਾਂ ਲਈ ਜ਼ਰੂਰੀ ਨਹੀਂ ਹੈ ਬਲਕਿ ਦੁਨੀਆ ਭਰ ’ਚ ਰਹਿਣ ਵਾਲੇ ਭਾਰਤੀਆਂ ਲਈ ਬਹੁਤ ਮਹੱਤਵਪੂਰਣ ਹੈ।

ਵੈਸੇ ਤਾਂ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਣ ਵਾਲਾ ਕ੍ਰਿਕਟ ਮੁਕਾਬਲਾ ਹਮੇਸ਼ਾ ਅਹਿਮ ਹੁੰਦਾ ਹੈ ਪਰ ਪਹਿਲਗਾਮ ਅੱਤਵਾਦੀ ਹਮਲੇ ਤੇ ਉਸ ਤੋਂ ਬਾਅਦ ਆਪ੍ਰੇਸ਼ਨ ਸਿੰਧੂਰ ਨੇ ਇਸ ਨੂੰ ਜ਼ਿੰਦਗੀ-ਮੌਤ ਵਰਗਾ ਬਣਾ ਦਿੱਤਾ ਹੈ। ਹਾਲਾਤ ਇਹ ਹਨ ਕਿ ਫਾਈਨਲ ਤੋਂ ਪਹਿਲਾਂ ਟਰਾਫੀ ਨਾਲ ਦੋਵਾਂ ਟੀਮਾਂ ਦਰਮਿਆਨ ਹੋਣ ਵਾਲਾ ਫੋਟੋ ਸ਼ੂਟ ਤੱਕ ਨਹੀਂ ਕੀਤਾ ਗਿਆ। ਅਸੀਂ ਪਾਕਿਸਤਾਨ ਨੂੰ ਇਸੇ ਏਸ਼ੀਆ ਕੱਪ ਦੇ ਲੀਗ ਮੈਚ ਤੇ ਸੁਪਰ-4 ’ਚ ਹਰਾਇਆ ਹੈ ਪਰ ਜੇਕਰ ਉਹ ਫਾਈਨਲ ਜਿੱਤ ਗਏ ਤਾਂ ਸਾਰਾ ਕੁਝ ਬੇਅਸਰ ਹੋ ਜਾਏਗਾ। ਸੂਰਿਆ ਦੀ ਟੀਮ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਵੀ ਨਹੀਂ ਮਿਲਾ ਰਹੀ। ਦੋਵਾਂ ਦੇਸ਼ਾਂ ਵਲੋਂ ਇਕ-ਦੂਜੇ ਦੇ ਖਿਡਾਰੀਆਂ ਦੇ ਵਿਹਾਰ ਦੀ ਸ਼ਿਕਾਇਤ ਆਈਸੀਸੀ ਤੱਕ ਕੀਤੀ ਗਈ ਹੈ।

ਪਾਕਿਸਤਾਨ ਇਕ ਸਮੇਂ ਯੂਏਈ ਖ਼ਿਲਾਫ਼ ਲੀਗ ਮੈਚ ਦਾ ਬਾਈਕਾਟ ਕਰਨ ਦੀ ਸਥਿਤੀ ’ਚ ਆ ਗਿਆ ਸੀ। ਉਸ ਨੇ ਮੈਚ ਰੈਫਰੀ ਐਂਡੀ ਪਾਇਕ੍ਰਾਫਟ ਨੂੰ ਹਟਾਉਣ ਦੀ ਮੰਗ ਵੀ ਕਰ ਦਿੱਤੀ ਸੀ ਪਰ ਜੈ ਸ਼ਾਹ ਦੀ ਅਗਵਾਈ ਵਾਲੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਸਾਫ਼ ਕਹਿ ਦਿੱਤਾ ਸੀ ਕਿ ਬਾਈਕਾਟ ਕਰਨਾ ਹੋਵੇ ਤਾਂ ਕਰੋ, ਪਾਇਕ੍ਰਾਫਟ ਨੂੰ ਨਹੀਂ ਹਟਾਇਆ ਜਾਏਗਾ। ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ, ਜਿਹੜੇ ਏਸ਼ਿਆਈ ਕ੍ਰਿਕਟ ਕੌਂਸਲ ਦੇ ਵੀ ਮੁਖੀ ਹਨ, ਉਹ ਐਕਸ ’ਤੇ ਇਤਰਾਜ਼ਯੋਗ ਪੋਸਟਾਂ ਕਰ ਰਹੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੀ ਫਾਈਨਲ ਜਿੱਤਣ ਦੀ ਉਡੀਕ ਕਰ ਰਿਹਾ ਹੈ। ਬੀਸੀਸੀਆਈ ਦੇ ਇਕ ਅਹੁਦੇਦਾਰ ਨੇ ਕਿਹਾ ਕਿ ਅਸੀਂ ਖ਼ਿਤਾਬ ਜਿੱਤਣ ਦਾ ਇੰਤਜ਼ਾਰ ਕਰ ਰਹੇ ਹਾਂ। ਇਸ ਨਾਲ ਪੂਰੀ ਦੁਨੀਆ ਨੂੰ ਜਵਾਬ ਮਿਲ ਜਾਏਗਾ। ਇਸ ਤੋਂ ਬਾਅਦ ਪਾਕਿਸਤਾਨੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਦਾ ਵੀ ਏਸੀਸੀ ’ਚ ਇਲਾਜ ਕੀਤਾ ਜਾਏਗਾ। ਕੁੱਲ ਮਿਲਾ ਕੇ ਇਹ ਸਿਰਫ਼ ਇਕ ਮੁਕਾਬਲਾ ਨਹੀਂ ਹੈ। ਇਹ ਆਤਮ-ਸਨਮਾਨ ਦੀ ਲੜਾਈ ਹੈ ਜਿਸ ’ਤੇ 140 ਕਰੋੜ ਭਾਰਤੀਆਂ ਦੀਆਂ ਨਿਗਾਹਾਂ ਹਨ।

ਪਾਕਿਸਤਾਨੀ ਟੀਮ:

– ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਤੇ ਹਾਰਿਸ ਰਾਊਫ਼ ਭਾਰਤ ਦੇ ਸਿਖਰਲੇ ਕ੍ਰਮ ਨੂੰ ਤਬਾਹ ਕਰਨ ਦੀ ਸਥਿਤੀ ’ਚ ਹਨ। ਇਨ੍ਹਾਂ ਦੋਵਾਂ ਤੋਂ ਫਾਈਨਲ ’ਚ ਬਚਣਾ ਪਵੇਗਾ।

– 2017 ਚੈਂਪੀਅਨਜ਼ ਟਰਾਫੀ ਫਾਈਨਲ ਤੇ 2021 ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ’ਚ ਵੀ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਨੇ ਭਾਰਤੀ ਸਿਖਰਲੇ ਕ੍ਰਮ ਨੂੰ ਹਿਲਾ ਦਿੱਤਾ ਸੀ।

– ਸਪਿੰਨ ਖ਼ਿਲਾਫ਼ ਸਲਮਾਨ ਅਲੀ ਆਗਾ ਦੀ ਟੀਮ ਬੇਹੱਦ ਕਮਜ਼ੋਰ ਨਜ਼ਰ ਆ ਰਹੀ ਹੈ। ਵਰੁਣ, ਕੁਲਦੀਪ ਤੇ ਅਕਸ਼ਰ ਪਟੇਲ ਨੂੰ ਖੇਡਣਾ ਉਨ੍ਹਾਂ ਲਈ ਪਰੇਸ਼ਾਨੀ ਹੋਵੇਗੀ।

– ਸਾਹਿਬਜ਼ਾਦਾ ਫ਼ਰਹਾਨ ਨੇ ਛੇ ਮੈਚਾਂ ’ਚ 160 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਭਾਰਤ ਖ਼ਿਲਾਫ਼ ਪਿਛਲੇ ਮੈਚ ’ਚ ਅਰਧ ਸੈਂਕੜਾ ਵੀ ਲਗਾਇਆ ਸੀ। ਉਨ੍ਹਾਂ ਨੂੰ ਛੇਤੀ ਆਊਟ ਕਰਨਾ ਪਵੇਗਾ।

– ਨੋ ਹੈਂਡਸ਼ੇਕ ਤੇ ਬਾਈਕਾਟ ਤੋਂ ਬਾਅਦ ਗੰਨ ਸੈਲੀਬ੍ਰੇਸ਼ਨ ਤੇ ਹਮਲਾਵਰ ਵਿਵਹਾਰ ਤੱਕ ਪਹੁੰਚੇ ਇਸ ਟੀਮ ਦੇ ਖਿਡਾਰੀਆਂ ਦੇ ਮਨੋਬਲ ’ਤੇ ਹਮਲਾ ਕਰਨਾ ਪਵੇਗਾ।

ਭਾਰਤੀ ਟੀਮ:

– ਅਭਿਸ਼ੇਕ ਸ਼ਰਮਾ 200 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਰਹੇ ਹਨ। ਉਹ ਲਗਾਤਾਰ ਤਿੰਨ ਅਰਧ ਸੈਂਕੜੇ ਲਾ ਚੁੱਕੇ ਹਨ। ਉਹ 309 ਦੌੜਾਂ ਬਣਾ ਕੇ ਇਸ ਟੂਰਨਾਮੈਂਟ ਦੇ ਸਰਬੋਤਮ ਸਕੋਰਰ ਹਨ।

– ਹਾਰਦਿਕ ਪਾਂਡਿਆ ਸ੍ਰੀਲੰਕਾ ਖ਼ਿਲਾਫ਼ ਮੈਚ ’ਚ ਜ਼ਖ਼ਮੀ ਹੋ ਗਏ ਹਨ। ਜੇਕਰ ਉਹ ਨਹੀਂ ਖੇਡਦੇ ਤਾਂ ਭਾਰਤ ਲਈ ਇਕ ਵੱਡਾ ਝਟਕਾ ਹੋਵੇਗਾ।

– ਪਿਛਲੇ ਕੁਝ ਸਮੇਂ ਤੋਂ ਜਸਪ੍ਰੀਤ ਬੁਮਰਾਹ ਵੱਡੇ ਮੁਕਾਬਲੇ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ। ਉਨ੍ਹਾਂ ਨੂੰ ਪਾਕਿਸਤਾਨ ਦੀਆਂ ਸ਼ੁਰੂਆਤੀ ਦੋ ਵਿਕਟਾਂ ਲੈਣੀਆਂ ਹੀ ਪੈਣਗੀਆਂ।

-ਸ਼ੁਭਮਨ ਗਿੱਲ ਨੇ ਇਸ ਟੂਰਨਾਮੈਂਟ ’ਚ ਇਕ ਚੰਗੀ ਪਾਰੀ ਖੇਡੀ ਹੈ ਪਰ ਉਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੀ ਪਵੇਗਾ, ਕਿਉਂਕਿ ਉਨ੍ਹਾਂ ਕਾਰਨ ਪੂਰਾ ਬੱਲੇਬਾਜ਼ੀ ਕ੍ਰਮ ਬਦਲਿਆ ਗਿਆ ਹੈ•।

– ਕਪਤਾਨ ਸੂਰਿਆ ਕੁਮਾਰ ਯਾਦਵ ਦੀ ਲੈਅ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਪਿਛਲੀਆਂ 15 ਪਾਰੀਆਂ ’ਚ ਕੋਈ ਅਰਧ ਸੈਂਕੜਾ ਨਹੀਂ ਲਗਾਇਆ। ਉਨ੍ਹਾਂ ਦੀ ਵੀ ਮੁਸ਼ਕਿਲ ਪ੍ਰੀਖਿਆ ਹੋਵੇਗੀ।