ਰਸਤਾ ਪੁੱਛਣ ਬਹਾਨੇ ਰੋਕ ਕੇ ਪਾਵਰਕਾਮ ਮੁਲਾਜ਼ਮ ‘ਤੇ ਵਰ੍ਹਾਈਆਂ ਅੰਨ੍ਹੇਵਾਰ ਗੋਲੀਆਂ, ਨੈਸ਼ਨਲ ਹਾਈਵੇ ਨੇੜੇ ਹੋਈ ਵਾਰਦਾਤ ਨਾਲ ਲੋਕਾਂ ‘ਚ ਦਹਸ਼ਤ

112

Sell-Aid Desk24/7-  ਜ਼ਿਲ੍ਹੇ ‘ਚ ਅਪਰਾਧ ਲਗਾਤਾਰ ਵਧ ਰਹੇ ਹਨ। ਜੰਮੂ-ਕਸ਼ਮੀਰ-ਰਾਜਸਥਾਨ ਕੌਮੀ ਮਾਰਗ ‘ਤੇ ਸਥਿਤ ਕਸਬਾ ਨੌਸ਼ਹਿਰਾ ਪੰਨੂਆਂ ਦੇ ਬੱਸ ਅੱਡੇ ‘ਤੇ Powercom Employee Nishan Singh Happy ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਾਈਕ ‘ਤੇ ਸਵਾਰ ਹੋ ਕੇ ਆਏ ਤਿੰਨ ਨਕਾਬਪੋਸ਼ ਨੌਜਵਾਨ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਰਹਾਲੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕਸਬਾ ਨੌਸ਼ਹਿਰਾ ਪੰਨੂਆਂ ਨਿਵਾਸੀ ਗੁਰਮੀਤ ਸਿੰਘ ਪਾਵਰਕਾਮ ‘ਚ ਮੁਲਾਜ਼ਮ ਸਨ। ਉਨ੍ਹਾਂ ਦੀ ਮੌਤ ਮਗਰੋਂ ਉਨ੍ਹਾਂ ਦੇ ਪੁੱਤਰ ਨਿਸ਼ਾਨ ਸਿੰਘ ਹੈੱਪੀ (26) ਨੂੰ ਨੌਕਰੀ ਮਿਲ ਗਈ ਸੀ। ਹੈੱਪੀ ਦੀ ਡਿਊਟੀ ਅੰਮ੍ਰਿਤਸਰ ਸਥਿਤ ਪਾਵਰਕਾਮ ‘ਚ ਸਬ ਸਟੇਸ਼ਨ ਆਪਰੇਟਰ ਦੇ ਤੌਰ ‘ਤੇ ਚੱਲ ਰਹੀ ਸੀ। ਐਤਵਾਰ ਰਾਤ ਲਗਪਗ 7:40 ਵਜੇ ਹੈੱਪੀ ਡਿਊਟੀ ਤੋਂ ਵਾਪਸ ਘਰ ਜਾ ਰਿਹਾ ਸੀ। ਨੌਸ਼ਹਿਰਾ ਪੰਨੂਆਂ ਦੇ ਬੱਸ ਅੱਡੇ ਵੱਲੋਂ ਆਏ ਬਾਈਕ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਰਾਹ ਪੁੱਛਣ ਬਹਾਨੇ ਹੈੱਪੀ ਨੂੰ ਰੋਕਿਆ। ਇਸ ਦੌਰਾਨ, ਮੁਲਜ਼ਮਾਂ ਨੇ ਪਿਸਟਲ ਨਾਲ ਹੈੱਪੀ ‘ਤੇ 6 ਗੋਲੀਆਂ ਚਲਾਈਆਂ। ਚਾਰ ਗੋਲੀਆਂ ਲੱਗਣ ਕਾਰਨ ਸੜਕ ‘ਤੇ ਲਹੂ-ਲੁਹਾਨ ਹੋ ਕੇ ਡਿੱਗੇ ਹੈੱਪੀ ਨੂੰ ਇਲਾਜ ਲਈ ਤਰਨਤਾਰਨ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਹੈੱਪੀ ਨੂੰ ਮਰਿਆ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸਪੀ (ਆਈ) ਰਿਪੁਤਪਨ ਸਿੰਘ, ਡੀਐਸਪੀ (ਆਈ) ਸੁਖਬੀਰ ਸਿੰਘ ਸੰਧੂ, ਸੀਆਈਏ ਪ੍ਰਭਾਰੀ ਪ੍ਰਭਜੀਤ ਸਿੰਘ ਗਿੱਲ ਮੌਕੇ ‘ਤੇ ਪਹੁੰਚੇ। ਉਨ੍ਹਾਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ।

ਸੱਤਾ ਨੌਸ਼ਹਿਰਾ ਨੇ ਲਈ ਜ਼ਿੰਮੇਵਾਰੀ:

ਵਿਦੇਸ਼ ਬੈਠੇ ਆਤੰਕੀ ਲਖਬੀਰ ਸਿੰਘ ਹਰਿਕੇ ਦੇ ਸਾਥੀ ਸੱਤਾ ਨੌਸ਼ਹਿਰਾ ਨੇ ਉਕਤ ਹੱਤਿਆਕਾਂਡ ਦੀ ਜ਼ਿੰਮੇਵਾਰੀ ਲਈ ਹੈ। ਇੰਟਰਨੈਟ ਮੀਡੀਆ ‘ਤੇ ਪਾਈ ਪੋਸਟ ‘ਚ ਲਿਖਿਆ ਹੈ ਕਿ ਗੋਪੀ ਨੰਬਰਦਾਰ ਅਤੇ ਹੈੱਪੀ ਨੇ ਮਿਲ ਕੇ ਸਾਡੇ ਭਾਅਜੀ ਸੁਖਵਿੰਦਰ ਦਾ ਨੁਕਸਾਨ ਕਰਵਾਇਆ ਸੀ। ਸੱਤਾ ਨੇ ਕਿਹਾ ਕਿ ਸਾਡੇ ਨਾਂ ‘ਤੇ ਲੋਕਾਂ ਨੂੰ ਡਰਾਉਣ ਅਤੇ ਪੈਸੇ ਵਸੂਲਣ ਵਾਲਿਆਂ ਦਾ ਇਹੀ ਹਸ਼ਰ ਹੋਵੇਗਾ। ਦੂਜੇ ਪਾਸੇ, ਐਸਐਸਪੀ ਡਾ. ਰਵਜੋਤ ਗਰੇਵਾਲ ਦਾ ਕਹਿਣਾ ਹੈ ਕਿ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਰਹਾਲੀ ਵਿਚ ਹੱਤਿਆ ਬਾਰੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।