Sell-Aid Desk 24/7- ਪੰਜਾਬ ਦੀ ਇਹ ਹਮੇਸ਼ਾ ਤ੍ਰਾਸਦੀ ਰਹੀ ਹੈ ਕਿ ਇਸ ਨੂੰ ਦਲੇਰੀ ਤੇ ਦਰਿਆਦਿਲੀ ਬਦਲੇ ਸਾਬਾਸ਼ੀ ਘੱਟ ਹੀ ਮਿਲੀ ਹੈ ਜਦੋਂਕਿ ਇਸ ਦੀ ਛੋਟੀ ਜਿਹੀ ਗ਼ਲਤੀ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਕੇ ਬਦਨਾਮ ਵਧੇਰੇ ਕੀਤਾ ਜਾਂਦਾ ਹੈ। ਜੇਕਰ ਦਹਾਕਾ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਨੂੰ ਨਸ਼ਿਆਂ ਦੇ ਮਾਮਲੇ ਵਿਚ ਏਨਾ ਬਦਨਾਮ ਕੀਤਾ ਗਿਆ ਸੀ ਕਿ ਦੇਸ਼ ਵਿਚ ਇਸ ਦਾ ਅਕਸ ‘ਨਸ਼ੇ ਦੇ ਗੜ੍ਹ’ ਵਜੋਂ ਪੇਸ਼ ਕਰ ਦਿੱਤਾ ਗਿਆ। ਇੱਥੋਂ ਤਕ ਕਿ ਸੂਬੇ ਨੂੰ ਨਸ਼ੇ ’ਚ ‘ਉੱਡਦਾ ਪੰਜਾਬ’ ਕਰਾਰ ਦੇ ਦਿੱਤਾ ਗਿਆ। ਇਹੀ ਹਾਲ ਪਿਛਲੇ ਕੁਝ ਸਾਲਾਂ ਤੋਂ ਪਰਾਲੀ ਦੀ ਅੱਗ ਦੇ ਮਾਮਲੇ ਵਿਚ ਕੀਤਾ ਜਾ ਰਿਹਾ ਹੈ। ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪ੍ਰਦੂਸ਼ਣ ਦਾ ਚਾਹੇ ਕੋਈ ਵੀ ਕਾਰਨ ਹੋਵੇ ਪਰ ਉਸ ਨੂੰ ਪੰਜਾਬ ਵਿਚ ਪਰਾਲੀ ਦੀ ਅੱਗ ਦੇ ਧੂੰਏਂ ਨਾਲ ਜੋੜ ਦਿੱਤਾ ਜਾਂਦਾ ਹੈ। ਇੱਥੋਂ ਤਕ ਬਦਨਾਮ ਕੀਤਾ ਜਾਂਦਾ ਹੈ ਕਿ ਜਿਵੇਂ ਵਾਤਾਵਰਣ ਪ੍ਰਦੂਸ਼ਣ ਸਿਰਫ ਤੇ ਸਿਰਫ ਪੰਜਾਬ ਵੱਲੋਂ ਹੀ ਪਰਾਲੀ ਸਾੜ ਕੇ ਫੈਲਾਇਆ ਜਾ ਰਿਹਾ ਹੈ। ਪੰਜਾਬ ਖ਼ਿਲਾਫ਼ ਇਹ ਰੌਲਾ ਹਰ ਸਾਲ ਝੋਨੇ ਦੀ ਵਾਢੀ ਦੇ ਸੀਜ਼ਨ 15 ਸਤੰਬਰ ਤੋਂ ਲੈ ਕੇ 30 ਨਵੰਬਰ ਤਕ ਪਾਇਆ ਜਾਂਦਾ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਜਾਰੀ ਕੀਤੇ 6 ਸੂਬਿਆਂ ਦੇ ਪਰਾਲੀ ਦੀ ਅੱਗ ਦੇ ਅੰਕੜਿਆ ’ਤੇ ਜੇਕਰ ਝਾਤ ਮਾਰੀਏ ਤਾਂ ਅਸਲੀਅਤ ਪਾਣੀ ਦੀ ਤਰ੍ਹਾਂ ਸਾਫ ਨਜ਼ਰ ਆਉਂਦੀ ਹੈ ਕਿ ਧੂੰਆ ਕਿਤੇ ਹੋਰ ਉੱਠਦਾ ਹੈ ਤੇ ਨਾਂ ਪੰਜਾਬ ਦਾ ਲਾ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਸਾਲ ਕੇਂਦਰੀ ਖੇਤੀਬਾੜੀ ਮੰਤਰੀ ਨੇ ਖੁਦ ਪੰਜਾਬ ਦਾ ਦੌਰਾ ਕਰ ਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇਥੇ ਝੋਨੇ ਦੀ ਵਾਢੀ ਦੇ ਲੰਘੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਕ੍ਰਾਂਤੀਕਾਰੀ ਢੰਗ ਨਾਲ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਕਿਸਾਨ ਲਗਾਤਾਰ ਪਰਾਲੀ ਪ੍ਰਬੰਧ ਕਰ ਰਹੇ ਹਨ। ਕਿਸਾਨਾਂ ਵੱਲੋਂ ਪਰਾਲੀ ਨੂੰ ਖੇਤਾਂ ’ਚ ਵਾਹੁਣ ਤੋਂ ਇਲਾਵਾ ਕਣਕ ਦੀ ਬਿਜਾਈ ਸਿੱਧੀ ਮਸ਼ੀਨਾਂ ਨਾਲ ਕੀਤੀ ਜਾ ਰਹੀ ਹੈ। ਜੇ ਮੌਜੂਦਾ ਸੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਇਸ ਵਾਰ ਖੇਤਾਂ ’ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਪਿਛਲੇ ਸਾਲ ਦੇ ਮੁਕਾਬਲੇ 53 ਫੀਸਦੀ ਘੱਟ ਆਏ ਹਨ। 2024 ਦੇ ਸੀਜ਼ਨ ਦੌਰਾਨ ਪੰਜਾਬ ਵਿਚ 10909 ਮਾਮਲੇ ਆਏ ਸਨ ਜਦੋਂਕਿ 2025 ਵਿਚ 5114 ਆਏ ਹਨ। ਜੇ 2021 ਦੇ ਸੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਮੁਕਾਬਲੇ ਇਹ ਮਾਮਲੇ 93 ਫੀਸਦੀ ਘੱਟ ਹਨ। ਪਿਛਲੇ ਸਾਲਾਂ ਦੌਰਾਨ ਪੰਜਾਬ ਵਿਚ ਪਰਾਲੀ ਸਾੜਨ ਦੀਆ ਘਟਨਾਵਾਂ ਲਗਾਤਾਰ ਘਟੀਆਂ ਹਨ। ਇਸ ਦੇ ਉਲਟ ਪੰਜਾਬ ਦੇ ਮੁਕਾਬਲੇ ਦੂਸਰੇ ਸੂਬਿਆਂ ਵਿਚ ਪਰਾਲੀ ਦੀ ਅੱਗ ਦਾ ਧੂੰਆ ਲਗਾਤਾਰ ਵਧਦਾ ਜਾ ਰਿਹਾ ਹੈ। ਯਾਨੀ ਕਿ ਖੇਤਾਂ ਵਿਚ ਪਰਾਲੀ ਦੀ ਰਹਿੰਦ-ਖੂੰਹਦ ਸਾੜਣ ਦੇ ਮਾਮਲੇ ਵਧ ਰਹੇ ਹਨ। ਜੇਕਰ ਮੱਧ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਉਥੇ 6 ਸੂਬਿਆਂ ’ਚੋਂ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ਉਥੇ ਮੌਜੂਦਾ ਸੀਜ਼ਨ ਦੌਰਾਨ 17067 ਮਾਮਲੇ ਆਏ ਹਨ, ਜੋ ਕਿ ਪਿਛਲੇ ਸਾਲਾਂ ਤੋਂ ਲਗਾਤਾਰ ਵਧ ਰਹੇ ਹਨ। ਇਸੇ ਤਰ੍ਹਾਂ ਜੇਕਰ ਉੱਤਰ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਉਥੇ ਵੀ ਝੋਨੇ ਦੀ ਵਾਢੀ ਉਪਰੰਤ ਖੇਤਾਂ ਵਿਚ ਪਰਾਲੀ ਦੀ ਰਹਿੰਦ-ਖੂੰਹਦ ਸਾੜੇ ਜਾਣ ਦੀਆ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਯੂਪੀ ਵਿਚ 2024 ਦੇ ਸੀਜ਼ਨ ਦੌਰਾਨ ਖੇਤਾਂ ਵਿਚ ਪਰਾਲੀ ਸਾੜਨ ਦੇ 6142 ਮਾਮਲੇ ਦਰਜ ਕੀਤੇ ਗਏ ਸਨ ਜਦੋਂਕਿ ਇਸ ਸਾਲ ਲੰਘੇ ਸੀਜ਼ਨ ਦੌਰਾਨ ਇਹ ਮਾਮਲੇ ਵਧ ਕੇ 7290 ਹੋ ਗਏ। ਜੇਕਰ ਹਰਿਆਣਾ ਸੂਬੇ ’ਚ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਆਈ ਹੈ। ਉਥੇ ਮੌਜੂਦਾ ਸੀਜ਼ਨ 2025 ਦੌਰਾਨ ਖੇਤਾਂ ਵਿਚ ਪਰਾਲੀ ਦੀ ਰਹਿੰਦ-ਖੂੰਹਦ ਸਾੜਣ ਦੇ 662 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਪਿਛਲੇ 2024 ਦੇ ਸੀਜ਼ਨ ’ਚ 1406 ਮਾਮਲੇ ਆਏ ਸਨ ਹਾਲਾਂਕਿ ਇਸ ਦੇ ਉਲਟ ਰਾਜਸਥਾਨ ਵਿਚ ਵੀ ਪਰਾਲੀ ਦੀ ਅੱਗ ਲਗਾਤਾਰ ਵਧ ਰਹੀ ਹੈ। ਉਥੇ 2024 ਵਿਚ ਪੂਰੇ ਸੀਜ਼ਨ ਦੌਰਾਨ 2772 ਥਾਵਾਂ ’ਤੇ ਪਰਾਲੀ ਨੂੰ ਅੱਗ ਲਾਈ ਗਈ ਸੀ ਅਤੇ ਇਸ ਸਾਲ ਮਾਮਲੇ ਵਧ ਕੇ 2890 ਹੋ ਗਏ ਹਨ। ਜੇਕਰ ਦਿੱਲੀ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਉਥੇ ਝੋਨੇ ਦੀ ਕਾਸ਼ਤ ਦੇ ਹੇਠਲਾ ਰਕਬਾ ਨਾਂਮਾਤਰ ਹੋਣ ਕਰ ਕੇ ਪਰਾਲੀ ਸਾੜਨ ਦੇ ਮਾਮਲੇ ਵੀ ਨਾਂਮਾਤਰ ਹੀ ਸਾਹਮਣੇ ਆਉਂਦੇ ਹਨ। 2024 ਦੇ ਸੀਜ਼ਨ ਦੌਰਾਨ ਦਿੱਲੀ ਵਿਚ ਖੇਤਾਂ ਵਿਚ ਅੱਗ ਲਾਉਣ ਦੇ 13 ਮਾਮਲੇ ਸਾਹਮਣੇ ਆਏ ਸਨ ਜਦੋਂਕਿ ਮੌਜੂਦਾ ਸੀਜ਼ਨ 2025 ਵਿਚ ਸਿਰਫ 5 ਮਾਮਲੇ ਦਰਜ ਕੀਤੇ ਗਏ ਹਨ। ਜੇਕਰ ਵਾਢੀ ਦੇ ਸੀਜ਼ਨ ਦੌਰਾਨ ਪੰਜਾਬ ਵਿਚ ਹਵਾ ਦੀ ਗੁਣਵੱਤਾ ਦੇ ਪੱਧਰ ਬਾਰੇ ਗੱਲ ਕੀਤੀ ਜਾਵੇ ਤਾਂ ਪ੍ਰਦੂਸ਼ਣ ਵਿਭਾਗ ਮੁਤਾਬਕ ਪਿਛਲੇ ਸਾਲ 2024 ਦੇ ਸੀਜ਼ਨ ਦੌਰਾਨ 15 ਸਤੰਬਰ ਤੋਂ 30 ਨਵੰਬਰ ਤਕ ਸੂਬੇ ਦੀ ਹਵਾ ਦੀ ਗੁਣਵੱਤਾ ਦਾ ਪੱਧਰ (ਏਕਿਊਆਈ) ਔਸਤਨ 176 ਰਿਹਾ ਸੀ। ਮੌਜੂਦਾ ਸੀਜ਼ਨ ਦੌਰਾਨ ਏਕਿਊਆਈ ਔਸਤਨ 152 ਦਰਜ ਕੀਤਾ ਗਿਆ।
ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਤੇ ਦਿੱਲੀ ’ਚ ਪਿਛਲੇ ਪੰਜ ਸਾਲਾਂ ਦੌਰਾਨ ਝੋਨੇ ਦੀ ਵਾਢੀ ਦੇ ਸੀਜ਼ਨ ਮੌਕੇ 15 ਸਤੰਬਰ ਤੋਂ 30 ਨਵੰਬਰ ਤੱਕ ਖੇਤਾਂ ’ਚ ਪਰਾਲੀ ਨੂੰ ਅੱਗ ਲਾਉਣ ਦੇ ਆਏ ਮਾਮਲਿਆਂ ਦਾ ਵੇਰਵਾ ਇੰਝ ਹੈ।
ਸਾਲ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਦਿੱਲੀ
2021-22 71304 6987 4242 1350 8160 04
2022-23 49922 3661 3017 1268 11737 10
2023-24 36663 2303 3996 1775 12500 05
2024-25 10909 1406 6142 2772 16360 13
2025-26 05114 0662 7290 2890 17067 05
2025-26 ਸੀਜ਼ਨ ਦੌਰਾਨ 5 ਸੂਬਿਆ ’ਚ ਝੋਨੇ ਦੀ ਬਿਜਾਈ ਹੇਠਲਾ ਅੰਦਾਜ਼ਨ ਰਕਬਾ, ਝਾੜ ਤੇ ਉਤਪਾਦਨ
ਸੂਬੇ ਦਾ ਨਾਂ ਰਕਬਾ (ਹੈਕਟੇਅਰ) ਝਾੜ (ਕੁਇੰਟਲ ਪ੍ਰਤੀ ਹੈਕਟੇਅਰ) ਕੁੱਲ ਉਤਪਾਦਨ (ਲੱਖ ਟਨ)
ਪੰਜਾਬ 32.49 ਲੱਖ 4207 136.67
ਹਰਿਆਣਾ 17.26 ਲੱਖ 3691 063.71
ਉੱਤਰ ਪ੍ਰਦੇਸ਼ 68.9 ਲੱਖ 2817 194.1
ਰਾਜਸਥਾਨ 3.5 ਲੱਖ 2618 09.16
ਮੱਧ ਪ੍ਰਦੇਸ਼ 42.1 ਲੱਖ 2307 97.11
ਝੋਨੇ ਦੇ ਮੌਜੂਦਾ ਸੀਜ਼ਨ ਖੇਤਾਂ ’ਚ ਪਰਾਲੀ ਸਾੜੇ ਜਾਣ ਦੇ ਮਾਮਲਿਆਂ ਵਿਚ ਵੱਡੇ ਪੱਧਰ ’ਤੇ ਆਈਗਿਰਾਵਟ ’ਤੇ ਤਸੱਲੀ ਜ਼ਾਹਰ ਕਰਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਨੇ ਕਿਹਾ ਕਿ ਝੋਨੇ ਦੀ ਬਿਜਾਈ ਸ਼ੁਰੂ ਹੋਣ ਦੇ ਨਾਲ ਹੀ ਵਿਭਾਗ ਵੱਲੋਂ ਸੂਬੇ ਦੇ ਸਾਰਿਆ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਮੁੱਖ ਖੇਤੀਬਾੜੀ ਤੇ ਕਿਸਾਨ ਭਲਾਈ ਅਫਸਰਾਂ ਦੀ ਅਗਵਾਈ ਹੇਠ ਜਾਗਰੂਕਤਾ ਮੁਹਿੰਮ ਆਰੰਭ ਦਿੱਤੀ ਗਈ ਸੀ। ਇਸ ਤਹਿਤ ਸੂਚਨਾ, ਸਿੱਖਿਆ ਤੇ ਵਿਚਾਰ-ਵਟਾਂਦਰਾ (ਆਈਈਸੀ) ਸਰਗਰਮੀਆਂ ਚਲਾਈਆਂ ਗਈਆਂ। ਡਾਇਰੈਕਟਰ ਡਾ. ਜਸਵੰਤ ਸਿੰਘ ਨੇ ਦੱਸਿਆ ਕਿ 2025-26 ਸੀਜ਼ਨ ਦੌਰਾਨ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਦੀ ਰਹਿੰਦ-ਖੂੰਹਦ ਖੇਤਾਂ ਵਿਚ ਵਾਹੁਣ ਦੇ ਲਾਭਾਂ ਬਾਰੇ 332 ਦੇ ਕਰੀਬ ਡੈਮੋ ਲਾਏ ਗਏ, ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਪਿੰਡਾਂ ਵਿਚ 12776 ਕੰਧ-ਚਿੱਤਰ ਬਣਾਏ ਗਏ। ਬੱਚਿਆਂ ਨੂੰ ਪਰਾਲੀ ਦੇ ਪ੍ਰਦੂਸ਼ਣ ਕਾਰਨ ਹੋਣ ਵਾਲੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨ ਲਈ 397 ਕੰਧਾਂ ਦੀ ਸਜਾਵਟ ਕੀਤੀ ਗਈ। 58 ਦੇ ਕਰੀਬ ਪਬਲੀਸਿਟੀ ਵੈਨਾਂ ਪਿੰਡਾਂ ਅੰਦਰ ਪ੍ਰਚਾਰ ਹਿੱਤ ਭੇਜੀਆਂ ਗਈਆਂ। ਕਿਸਾਨਾਂ ਨੂੰ ਜਾਗਰੂਕ ਕਰਨ ਲਈ 3670 ਪਿੰਡਾਂ ਵਿਚ ਕੈਂਪ ਲਾਏ ਗਏ। ਇਸ ਤੋਂ ਇਲਾਵਾ 282 ਬਲਾਕ ਪੱਧਰੀ ਕੈਂਪ ਲਾਏ ਗਏ। ਇਨ੍ਹਾਂ ਕੈਂਪਾਂ ਦੌਰਾਨ ਵਿਭਾਗ ਦੇ ਅਫਸਰਾਂ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਤੇ ਪਰਾਲੀ ਪ੍ਰਬੰਧ ਨਾਲ ਹੋਣ ਵਾਲੇ ਸਿੱਧੇ ਤੇ ਅਸਿੱਧੇ ਲਾਭਾਂ ਬਾਰੇ ਦੱਸਿਆ। ਡਾ. ਜਸਵੰਤ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮ ਵਿਚ 104 ਆਸ਼ਾ ਵਰਕਰਾਂ ਦੀਆ ਸੇਵਾਵਾਂ ਲਈਆਂ ਗਈਆਂ। 1378301 ਦੇ ਕਰੀਬ ਪੰਫਲੈਂਟ ਵੰਡੇ ਗਏ ਤੇ 340 ਦੇ ਕਰੀਬ ਨੁੱਕੜ ਨਾਟਕ ਕੀਤੇ ਗਏ। ਆਉਣ ਵਾਲੇ ਸਾਲਾਂ ਦੌਰਾਨ ਵੀ ਇਹ ਜਾਗਰੂਕਤਾ ਮੁਹਿੰਮਾਂ ਵੱਡੇ ਪੱਧਰ ’ਤੇ ਜਾਰੀ ਰਹਿਣਗੀਆਂ ਤਾਂ ਜੋ ਸੂਬੇ ’ਚ ਪਰਾਲੀ ਦਾ ਪ੍ਰਬੰਧ 100 ਫੀਸਦੀ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਾਗਰੂਕਤਾ ਤੋਂ ਇਲਾਵਾ ਕਿਸਾਨਾਂ ਨੂੰ ਪਰਾਲੀ ਪ੍ਰਬੰਧ ਲਈ ਮਸ਼ੀਨਰੀ ਵੀ ਸਬਸਿਡੀ ’ਤੇ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਪਿਛਲੇ 10 ਸਾਲਾਂ ਦੌਰਾਨ ਡੇਢ ਲੱਖ ਤੋਂ ਵੱਧ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।
ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਭਾਰਤ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਧੂੰਏਂ ਦੇ ਮੁੱਦੇ ਉੱਤੇ ਬਦਨਾਮ ਕਰਨਾ ਹੋਵੇ ਤਾਂ ਸਿਆਸੀ ਪਾਰਟੀਆਂ ਲਈ ਕਿਸਾਨ ਸੌਖਾ ਨਿਸ਼ਾਨਾ ਹਨ ਜਦੋਂਕਿ ਸਾਰੇ ਡਾਟੇ ਇਹ ਸਿੱਧ ਕਰ ਚੁੱਕੇ ਹਨ ਕਿ ਪਹਿਲਾਂ ਖੇਤੀ ਦਾ ਪ੍ਰਦੂਸ਼ਣ 8 ਫੀਸਦੀ ਸੀ ਜੋ ਕਿ ਹੁਣ ਕਿਸਾਨਾਂ ਦੀ ਸੂਝ-ਬੂਝ ਤੇ ਜਾਗਰੂਕਤਾ ਸਦਕਾ ਹੋਰ ਵੀ ਘੱਟ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਫੈਕਟਰੀਆਂ ਦਾ ਪ੍ਰਦੂਸ਼ਣ 51 ਫੀਸਦੀ ਤੋ ਵੱਧ ਅਤੇ ਵਾਹਨਾਂ ਵਿੱਚੋਂ ਨਿਕਲਣ ਵਾਲੇ ਧੂੰਏਂ ਨਾਲ 25 ਫੀਸਦੀ ਤੋਂ ਵੱਧ ਪ੍ਰਦੂਸ਼ਣ ਹੁੰਦਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਤੇ ਗ੍ਰੀਨ ਟ੍ਰਿਬਿਊਨਲ ਵੱਲੋਂ ਕਿਹਾ ਗਿਆ ਹੈ ਕਿ ਵਿਗਿਆਨਕ ਤੱਥ ਵੀ ਇਹ ਸਾਬਤ ਕਰਦੇ ਹਨ ਕਿ ਪੰਜਾਬ ਦਾ ਧੂੰਆਂ ਦਿੱਲੀ ਨਹੀਂ ਪਹੁੰਚ ਸਕਦਾ। ਪੰਜਾਬ ’ਚ ਝੋਨੇ ਦੀ ਰਹਿੰਦ ਖੂੰਹਦ ਨੂੰ ਕਿਸਾਨਾਂ ਨੇ ਖੇਤਾਂ ’ਚ ਹੀ ਵਾਹਿਆ ਹੈ। ਪੰਜਾਬ ’ਚ ਪਿਛਲੇ ਸਾਲ ਨਾਲੋਂ 53 ਫੀਸਦੀ ਅੱਗ ਦੇ ਮਾਮਲੇ ਘਟੇ ਹਨ। ਲਗਾਤਾਰ ਮਾਮਲੇ ਘਟਣ ਤੋਂ ਇਹ ਸਿੱਧ ਹੁੰਦਾ ਹੈ ਕਿ ਸਿਆਸੀ ਪਾਰਟੀਆਂ ਲਈ ਪਰਾਲੀ ਦੇ ਧੂੰਏਂ ਦਾ ਮੁੱਦਾ ਸਿਰਫ ਕਿਸਾਨਾਂ ਤੇ ਪੰਜਾਬ ਨੂੰ ਬਦਨਾਮ ਕਰਨ ਦਾ ਹੀ ਬਹਾਨਾ ਹੈ।













