Sell-Aid Desk 24/7- ਬੰਗਲਾਦੇਸ਼ ਵਿੱਚ ਵਿਦਿਆਰਥੀ ਆਗੂ ਸ਼ਰੀਫ਼ ਉਸਮਾਨ ਹਾਦੀ ਦੇ ਕਤਲ ‘ਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਬੰਗਲਾਦੇਸ਼ੀ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਸ਼ੇਖ ਹਸੀਨਾ ਨੇ ਕਿਹਾ ਕਿ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੇ ਸ਼ਾਸਨ ਵਿੱਚ ਅਰਾਜਕਤਾ ਫੈਲ ਰਹੀ ਹੈ।
ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਤੋਂ ਉਨ੍ਹਾਂ ਦੇ ਜਾਣ ਤੋਂ ਬਾਅਦ ਸਥਿਤੀ ਹੋਰ ਵੀ ਖਰਾਬ ਹੋ ਗਈ ਹੈ। ਅਜਿਹੀ ਸਥਿਤੀ ਨਾਲ ਬੰਗਲਾਦੇਸ਼ ਦੇ ਨਾਲ-ਨਾਲ ਗੁਆਂਢੀ ਮੁਲਕ ਭਾਰਤ ਨਾਲ ਵੀ ਰਿਸ਼ਤੇ ਵਿਗੜ ਸਕਦੇ ਹਨ। ਸ਼ੇਖ ਹਸੀਨਾ ਨੇ ਮੁਹੰਮਦ ਯੂਨਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੀ ਸਥਿਤੀ ਬੰਗਲਾਦੇਸ਼ ਦੇ ਅੰਦਰ ਤਾਂ ਅਸਥਿਰਤਾ ਪੈਦਾ ਕਰ ਹੀ ਰਹੀ ਹੈ ਪਰ ਅਜਿਹੇ ਹਾਲਾਤ ਗੁਆਂਢੀ ਦੇਸ਼ਾਂ ਨਾਲ ਵੀ ਰਿਸ਼ਤੇ ਖਰਾਬ ਕਰ ਸਕਦੇ ਹਨ, ਖਾਸ ਕਰਕੇ ਭਾਰਤ ਨਾਲ।
ਸ਼ੇਖ ਹਸੀਨਾ ਨੇ ਅੱਗੇ ਕਿਹਾ ਕਿ ਇਹ ਦੁਖਦ ਕਤਲ ਉਸ ਅਰਾਜਕਤਾ ਨੂੰ ਦਰਸਾਉਂਦਾ ਹੈ ਜਿਸ ਨੇ ਮੇਰੀ ਸਰਕਾਰ ਨੂੰ ਉਖਾੜ ਸੁੱਟਿਆ ਸੀ ਅਤੇ ਮੁਹੰਮਦ ਯੂਨਸ ਦੇ ਸ਼ਾਸਨ ਵਿੱਚ ਇਹ ਹੋਰ ਵੀ ਵਧ ਗਈ ਹੈ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਹਿੰਸਾ ਇੱਕ ਆਮ ਗੱਲ ਹੋ ਗਈ ਹੈ, ਜਦੋਂ ਕਿ ਅੰਤਰਿਮ ਸਰਕਾਰ ਜਾਂ ਤਾਂ ਇਸ ਨੂੰ ਨਕਾਰਦੀ ਹੈ ਜਾਂ ਇਸ ਨੂੰ ਰੋਕਣ ਵਿੱਚ ਅਸਮਰੱਥ ਹੈ।
ਸ਼ੇਖ ਹਸੀਨਾ ਨੇ ਅੱਗੇ ਕਿਹਾ ਕਿ ਭਾਰਤ ਅਰਾਜਕਤਾ, ਘੱਟ ਗਿਣਤੀਆਂ ‘ਤੇ ਅੱਤਿਆਚਾਰ ਅਤੇ ਦੋਵਾਂ ਦੇਸ਼ਾਂ ਵੱਲੋਂ ਮਿਲ ਕੇ ਬਣਾਈ ਗਈ ਹਰ ਚੀਜ਼ ਨੂੰ ਬਰਬਾਦ ਹੁੰਦੇ ਦੇਖ ਰਿਹਾ ਹੈ। ਜਦੋਂ ਤੁਸੀਂ ਆਪਣੀਆਂ ਸਰਹੱਦਾਂ ਦੇ ਅੰਦਰ ਬੁਨਿਆਦੀ ਵਿਵਸਥਾ ਕਾਇਮ ਨਹੀਂ ਰੱਖ ਸਕਦੇ ਤਾਂ ਅੰਤਰਰਾਸ਼ਟਰੀ ਮੰਚ ‘ਤੇ ਤੁਹਾਡੀ ਭਰੋਸੇਯੋਗਤਾ ਖਤਮ ਹੋ ਜਾਂਦੀ ਹੈ। ਇਹੀ ਮੁਹੰਮਦ ਯੂਨਸ ਦੇ ਬੰਗਲਾਦੇਸ਼ ਦੀ ਅਸਲੀਅਤ ਹੈ।














