ਫਿਰੋਜ਼ਪੁਰ ਦਾ ਉਹ ਫਲਾਈਓਵਰ ਤੇ PM ਮੋਦੀ ਦੀ ਸੁਰੱਖਿਆ: 4 ਸਾਲਾਂ ਦੀ ਲੰਬੀ ਉਡੀਕ, ਪਰ ਚਾਲਾਨ ਅਜੇ ਵੀ ‘ਲਾਪਤਾ’

14

Sell-Aid Desk 24/7- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਮੌਕੇ ਸੁਰੱਖਿਆ ਵਿਚ ਉਕਾਈ ਦੇ ਮਾਮਲੇ ਵਿਚ ਪੰਜਾਬ ਪੁਲਿਸ ਚਾਰ ਸਾਲਾਂ ਬਾਅਦ ਵੀ ਮੁਲਜ਼ਮਾਂ ਵਿਰੁੱਧ ਚਾਲਾਨ ਅਦਾਲਤ ਵਿਚ ਪੇਸ਼ ਨਹੀਂ ਕਰ ਸਕੀ। ਡੀਐੱਸਪੀ ਸਬ-ਡਵੀਜ਼ਨ ਕਰਨ ਸ਼ਰਮਾ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹਾਲੇ ਅਦਾਲਤ ਵਿਚ ਚਾਲਾਨ ਪੇਸ਼ ਨਹੀਂ ਕੀਤਾ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਨੇ ਕਿਹਾ ਕਿ ਕੁਝ ਲੋਕਾਂ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਮੋਦੀ ਦਾ ਕਾਫ਼ਲਾ ਰੋਕਿਆ ਸੀ। ਜੇ ਪ੍ਰਧਾਨ ਮੰਤਰੀ ਰੈਲੀ ਵਿਚ ਸ਼ਾਮਲ ਹੁੰਦੇ ਤਾਂ ਸਾਰੇ ਸੂਬੇ ਨੂੰ ਅਰਬਾਂ ਰੁਪਏ ਦੇ ਵਿਕਾਸ ਪ੍ਰਾਜੈਕਟ ਮਿਲਣੇ ਸਨ। ਸਿਰਫ਼ ਫਿਰੋਜ਼ਪੁਰ ਹੀ ਨਹੀਂ ਸਗੋਂ ਸੂਬੇ ਵਿਚ ਰੈਲੀ ਵਿਚ ਸ਼ਾਮਲ ਹੋਣ ਵਾਲੇ ਭਾਜਪ ਕਾਰਕੁਨਾਂ ਨੂੰ ਰੋਕਿਆ ਗਿਆ ਸੀ।

ਪਾਰਟੀ ਦੇ ਸਾਬਕਾ ਸੂਬਾਈ ਕਾਰਜਕਾਰਨੀ ਮੈਂਬਰ ਸੁਸ਼ੀਲ ਗੁਪਤਾ ਨੇ ਕਿਹਾ ਕਿ ਮੋਦੀ ਦਾ ਪੰਜਾਬ, ਪੰਜਾਬੀਆਂ ਨਾਲ ਸ਼ੁਰੂਆਤੀ ਦੌਰ ਤੋਂ ਡੂੰਘਾ ਨਾਤਾ ਹੈ। ਕਿਸਾਨਾਂ ਦੇ ਭੇਸ ਵਿਚ ਕੁਝ ਗੁੰਡਿਆਂ ਨੇ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ ਸੀ, ਜਿਨ੍ਹਾਂ ਦਾ ਚਿਹਰਾ ਬੇਨਕਾਬ ਕਰਨਾ ਸਮੇਂ ਦੀ ਮੰਗ ਹੈ। ਪੰਜ ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ-ਪੱਥਰ ਰੱਖਣ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਨੂੰ ਵੱਖ-ਵੱਖ ਸੌਗਾਤਾਂ ਦੇਣ ਆਉਣਾ ਸੀ। ਮੌਸਮ ਵਿਚ ਖ਼ਰਾਬੀ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਬਠਿੰਡਾ ਵਿਚ ਲੈਂਡ ਕਰਵਾਇਆ ਗਿਆ ਤੇ ਉਹ ਸੜਕ ਆਵਾਜਾਈ ਜ਼ਰੀਏ ਫਿਰੋਜ਼ਪੁਰ ਆ ਰਹੇ ਸਨ ਤਾਂ ਰੈਲੀ ਵਾਲੀ ਥਾਂ ਤੋਂ 7 ਕਿੱਲੋਮੀਟਰ ਪਹਿਲਾਂ ਕਿਸਾਨਾਂ ਨੇ ਧਰਨਾ ਲਗਾ ਕੇ ਮੋਦੀ ਦਾ ਕਾਫ਼ਲਾ ਰੋਕ ਦਿੱਤਾ ਸੀ ਤੇ ਕਰੀਬ ਪੰਦਰਾਂ ਮਿੰਟਾਂ ਤੱਕ ਉਨ੍ਹਾਂ ਨੂੰ ਉਡੀਕ ਕਰਨੀ ਪਈ ਸੀ। ਬਾਅਦ ਵਿਚ ਕਾਫ਼ਲ ਵਾਪਸ ਪਰਤ ਗਿਆ ਸੀ। ਬਠਿੰਡਾ ਪੁੱਜਣ ’ਤੇ ਪ੍ਰਧਾਨ ਮੰਤਰੀ ਨੇ ਇਕ ਅਧਿਕਾਰੀ ਨੂੰ ਕਿਹਾ ਸੀ ਕਿ ਆਪਣੇ ਮੁੱਖ ਮੰਤਰੀ ਨੂੰ ਕਹਿਣਾ ਮੈਂ ਜਿਊਂਦਾ ਪਰਤ ਆਇਆ ਹਾਂ। ਪਿੰਡ ਪਿਆਰੇਆਣਾ ਵਿਚ ਸੁਰੱਖਿਆ ਉਕਾਈ ਦੇ ਮਾਮਲੇ ਵਿਚ ਥਾਣਾ ਕੁਲਗੜ੍ਹੀ ਵੱਲੋਂ 150 ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਕਈਆਂ ਦੇ ਚਿਹਰੇ ਵੀਡੀਓ ਵਿਚ ਦੇਖ ਕੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਸੀ। ਪੁਲਿਸ ਨੇ ਜਿਨ੍ਹਾਂ ਲੋਕਾਂ ਦੀ ਸ਼ਨਾਖ਼ਤ ਕੀਤੀ ਸੀ, ਉਨ੍ਹਾਂ ਵਿੱਚੋਂ ਕਈਆਂ ਦੀ ਮੌਤ ਹੋ ਚੁੱਕੀ ਹੋਈ ਹੈ। 9 ਜਨਵਰੀ 2022 ਨੂੰ ਉਦੋਂ ਦੇ ਐੱਸਐੱਸਪੀ ਨਰਿੰਦਰ ਭਾਰਗਵ ਵੱਲੋਂ ਐੱਸਪੀ ਡਿਟੈਕਟਿਡ ਵੀ ਅਗਵਾਈ ਵਿਚ ਤਿੰਨ ਮੈਂਬਰੀ ਸਿਟ ਦਾ ਗਠਨ ਕੀਤਾ ਸੀ। ਲੰਮੀ ਚੌੜੀ ਜਾਂਚ ਮਗਰੋਂ ਇਸ ਮਾਮਲੇ ਵਿਚ ਧਾਰਾਵਾਂ ਦਾ ਵਾਧਾ ਕੀਤਾ ਗਿਆ ਸੀ। ਪੁਲਿਸ ਵੱਲੋਂ ਜਲਦੀ ਹੀ ਅਦਾਲਤ ਵਿਚ ਚਾਲਾਨ ਪੇਸ਼ ਕਰਨ ਦੀ ਪ੍ਰਕਿਰਿਆ ਅਮਲ ਵਿਚ ਲਿਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ।