ਜ਼ਮੀਨ ਦੇ ਲਾਲਚ ‘ਚ ਅੰਨ੍ਹੇ ਹੋਏ ਰਿਸ਼ਤੇ: ਘਰ ‘ਤੇ ਕਬਜ਼ਾ ਕਰਨ ਲਈ ਧੀਆਂ ਤੇ ਦੋਹਤੇ-ਦੋਹਤੀਆਂ ਨੇ ਨਾਨੀ ਨੂੰ ਬੇਰਹਿਮੀ ਨਾਲ ਕੁੱਟਿਆ, ਪੁਲਿਸ ਵੱਲੋਂ ਜਾਂਚ ਸ਼ੁਰੂ

5

Sell-Aid Desk 24/7-  ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇਕ ਮਹਿਲਾ ਦੀ ਕੁੱਟਮਾਰ ਦੇ ਮਾਮਲੇ ਵਿਚ ਉਸਦੀ ਧੀ, ਦੋਹਤੇ ਅਤੇ ਦੋਹਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਸ਼ਾਂਤੀ ਪਤਨੀ ਚਰਨ ਸਿੰਘ ਵਾਸੀ ਪਿੰਡ ਮਸੀਤਾਂ ਥਾਣਾ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਸ ਕੋਲ ਕਰੀਬ 7 ਮਰਲੇ ਜਗ੍ਹਾ ਹੈ, ਜਿਸ ਵਿਚ ਉਸਨੇ ਆਪਣਾ ਘਰ ਬਣਾਇਆ ਹੋਇਆ ਹੈ।

ਇਹ ਜਗ੍ਹਾ ਕਰੀਬ 50 ਸਾਲ ਪਹਿਲਾਂ ਉਸਨੂੰ ਬਚਨ ਸਿੰਘ ਸਰਪੰਚ ਨੇ ਦਿੱਤੀ ਸੀ, ਜਿਸਦੀ ਮੌਤ ਹੋ ਚੁੱਕੀ ਹੈ। ਉਸ ਵਿਚ ਉਸ ਨੇ 3 ਮਕਾਨ ਬਣਾਏ ਹੋਏ ਤੇ ਬਿਜਲੀ ਦਾ ਮੀਟਰ, ਸਰਕਾਰੀ ਪਾਣੀ ਵਾਲੀ ਟੂਟੀ ਵੀ ਲੱਗੀ ਹੋਈ ਹੈ। ਉਸਦੇ ਲੜਕੇ ਅਵਤਾਰ ਸਿੰਘ ਨੇ ਵੱਖਰੀ ਜਗ੍ਹਾ ਲੈ ਕੇ ਆਪਣਾ ਮਕਾਨ ਬਣਾਇਆ ਹੈ ਅਤੇ ਉਹ ਜਵਾਹਰ ਨਵੋਦਿਆ ਸਕੂਲ ਪਿੰਡ ਮਸੀਤਾ ਵਿਚ ਚੌਕੀਦਾਰ ਦੀ ਨੌਕਰੀ ਕਰਦਾ ਹੈ। ਉਸਦੀ ਲੜਕੀ ਤੌਸ਼ੀ, ਜੋ ਰਿੰਕੂ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਮੀਰੇ ਨਾਲ ਵਿਆਹੀ ਹੋਈ ਹੈ।

ਉਸ ਦੀ ਆਪਣੇ ਪਤੀ ਰਿੰਕੂ ਨਾਲ ਬਣਦੀ ਨਹੀਂ ਸੀ ਅਤੇ ਲੜਾਈ-ਝਗੜਾ ਕਰਕੇ ਉਹ ਉਸ ਕੋਲ ਆ ਜਾਂਦੀ ਸੀ, ਜਿਸਨੂੰ ਕਈ ਵਾਰ ਮੋਹਤਬਰ ਵਿਅਕਤੀਆਂ ਦੇ ਕਹਿਣ ’ਤੇ ਉਸਦੇ ਸਹੁਰੇ ਪਿੰਡ ਭੇਜਿਆ ਸੀ। ਉਹ ਫਿਰ ਆਪਣੇ ਪਤੀ ਨਾਲ ਲੜਾਈ-ਝਗੜਾ ਕਰਕੇ ਮੇਰੇ ਘਰ ਰਹਿਣ ਲੱਗ ਪਈ ਤੇ ਉਸ ’ਤੇ ਕਬਜ਼ਾ ਕਰ ਲਿਆ। ਉਸ ਨੇ ਕਿਹਾ ਕਿ ਮੈਂ ਸਿਹਤ ਠੀਕ ਨਾ ਹੋਣ ਕਰਕੇ ਆਪਣੇ ਲੜਕੇ ਅਵਤਾਰ ਸਿੰਘ ਨਾਲ ਰਹਿੰਦੀ ਹੈ। 1 ਜਨਵਰੀ ਨੂੰ ਉਸ ਨੇ ਆਪਣੀ ਲੜਕੀ ਬਖਸ਼ੋ ਪਤਨੀ ਦੀਪਾ ਵਾਸੀ ਮਿਆਣੀ ਬਹਾਦਰਪੁਰ, ਕੁਲਵੰਤ ਕੌਰ ਪਤਨੀ ਸੁੱਖਾ ਸਿੰਘ ਤੇ ਉਸਦੇ ਪਤੀ ਸੁੱਖਾ ਸਿੰਘ ਨੂੰ ਬੁਲਾਇਆ ਤਾਂ ਉਸ ਦੀਆਂ ਲੜਕੀਆਂ ਤੇ ਦੋਹਤੀਆਂ ਦਵਿੰਦਰ ਕੌਰ, ਪਰਵੀਨ ਕੌਰ ਤੇ ਦੋਹਤੇ ਆਕਾਸ਼ਦੀਪ ਸਿੰਘ ਨੇ ਉਸ ਨੂੰ ਗਾਲਾਂ ਕੱਢੀਆਂ ਤੇ ਕੁੱਟਮਾਰ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।