ਪੁਲੀਸ ਮੁਕਾਬਲੇ ਮਗਰੋਂ ਦੋ ਮੁਲਜ਼ਮ ਗ੍ਰਿਫ਼ਤਾਰ

8

Sell-Aid Desk 24/7- ਦਿਹਾਤੀ ਪੁਲੀਸ ਨੇ ਆਦਮਪੁਰ ਨੇੜੇ ਡਰੋਲੀ ਕਲਾਂ ਵਿੱਚ ਮੁਕਾਬਲੇ ਤੋਂ ਬਾਅਦ ਕਤਲ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਚੰਦਰ ਸ਼ੇਖਰ ਵਾਸੀ ਡਵਿੰਡਾ ਅਤੇ ਜਸਪਾਲ ਸਿੰਘ ਵਾਸੀ ਡਰੋਲੀ ਕਲਾਂ ਵਜੋਂ ਹੋਈ ਹੈ।

ਸੀਨੀਅਰ ਪੁਲੀਸ ਕਪਤਾਨ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਨੇ ਦੱਸਿਆ ਕਿ 16 ਜਨਵਰੀ ਨੂੰ ਸੰਤ ਭਾਗ ਸਿੰਘ ਯੂਨੀਵਰਸਿਟੀ ਨੇੜੇ ਕੇਸਰ ਧਾਮੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਸਬੰਧੀ ਥਾਣਾ ਆਦਮਪੁਰ ਵਿੱਚ ਕੇਸ ਦਰਜ ਕਰ ਕੇ ਪੜਤਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਅਸਲਾ ਯੂਨੀਵਰਸਿਟੀ ਦੇ ਨੇੜੇ ਇੱਕ ਮੋਟਰ ਨੇੜੇ ਲੁਕਾਇਆ ਸੀ। ਸੂਚਨਾ ਅਨੁਸਾਰ ਮੁਲਜ਼ਮ ਅਸਲਾ ਲੈਣ ਲਈ ਉੱਥੇ ਪੁੱਜਣ ਵਾਲੇ ਸਨ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਏ ਐੱਸ ਆਈ ਮਨਦੀਪ, ਕਾਂਸਟੇਬਲ ਸੋਨੀ ਕੁਮਾਰ, ਅਮਨਦੀਪ ਸਿੰਘ, ਅਤੇ ਨੀਨਾ ਰਾਣੀ ਨੇ ਦੱਸੀ ਗਈ ਥਾਂ ਨੇੜੇ ਪੁੱਜੇ। ਉੱਥੇ ਮੌਜੂਦ ਮੁਲਜ਼ਮਾਂ ਨੇ ਪੁਲੀਸ ਨੂੰ ਦੇਖ ਕੇ ਅਸਲੇ ਸਣੇ ਭੱਜਣ ਦੀ ਕੋਸ਼ਿਸ਼ ਵਿੱਚ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਮਗਰੋਂ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਦੋਵਾਂ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਇਸ ਮਗਰੋਂ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਤੇ ਤੁਰੰਤ ਹਸਪਤਾਲ ਪਹੁੰਚਾਇਆ। ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਪਿਸਤੌਲ, ਤਿੰਨ ਕਾਰਤੂਸ, ਤਿੰਨ ਖੋਲ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮਾਂ ਦਾ ਪਿਛੋਕੜ ਅਪਰਾਧਕ ਹੈ।