SeLL-Aid Desk 24/7- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਇਕ ਜਹਾਜ਼ ਹਾਦਸੇ (Ajit Pawar Plane Crash) ਵਿੱਚ ਦੇਹਾਂਤ ਹੋ ਗਿਆ ਹੈ। 28 ਜਨਵਰੀ, ਬੁੱਧਵਾਰ ਦੀ ਸਵੇਰ ਬਾਰਾਮਤੀ ਵਿੱਚ ਲੈਂਡਿੰਗ ਦੌਰਾਨ ਉਨ੍ਹਾਂ ਦਾ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਇਸ ਜਹਾਜ਼ ਹਾਦਸੇ ਵਿੱਚ ਅਜੀਤ ਪਵਾਰ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਨੇ ਸਿਆਸੀ ਜਗਤ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ VT-SSK Learjet 45 ਦੇ ਕ੍ਰੈਸ਼ ਹੋਣ ਦੀ ਪੁਸ਼ਟੀ ਕੀਤੀ ਹੈ, ਜੋ ਲੈਂਡਿੰਗ ਦੌਰਾਨ ਬਾਰਾਮਤੀ ਹਵਾਈ ਅੱਡੇ ‘ਤੇ ਰਨਵੇ 11 ਦੇ ਕੋਲ ਹਾਦਸਾਗ੍ਰਸਤ ਹੋਇਆ। ਅਜੀਤ ਪਵਾਰ ਮੁੰਬਈ ਤੋਂ ਬਾਰਾਮਤੀ ਇੱਕ ਜਨਤਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ।
ਅਜੀਤ ਪਵਾਰ ਆਪਣੇ ਪਿੱਛੇ ਕਰੋੜਾਂ ਦੀ ਜਾਇਦਾਦ ਛੱਡ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ 2024 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਆਪਣੀ ਕੁੱਲ ਜਾਇਦਾਦ ਲਗਪਗ 124 ਕਰੋੜ ਰੁਪਏ ਦੱਸੀ ਸੀ। ਉਨ੍ਹਾਂ ਕੋਲ 8.22 ਕਰੋੜ ਰੁਪਏ ਤੋਂ ਵੱਧ ਦੀ ਚੱਲ ਜਾਇਦਾਦ ਤੇ 37.15 ਕਰੋੜ ਰੁਪਏ ਦੀ ਅਚੱਲ ਜਾਇਦਾਦ ਸੀ। ਉਨ੍ਹਾਂ ਦੇ ਪੋਰਟਫੋਲੀਓ ‘ਚ ਦੋ ਕਾਰਾਂ (ਟੋਇਟਾ ਕੈਮਰੀ ਤੇ ਹੋਂਡਾ CRV), ਇਕ ਟਰੈਕਟਰ, ਚਾਂਦੀ ਦੇ ਭਾਂਡੇ, ਫਿਕਸਡ ਡਿਪਾਜ਼ਿਟ (FD), ਸ਼ੇਅਰ ਤੇ ਬਾਂਡ ਸ਼ਾਮਲ ਸਨ। ਉਨ੍ਹਾਂ ਕੋਲ 14.12 ਲੱਖ ਰੁਪਏ ਨਕਦ, ਬੈਂਕ ਖਾਤਿਆਂ ਵਿੱਚ 6.81 ਕਰੋੜ ਰੁਪਏ ਅਤੇ 55 ਲੱਖ ਰੁਪਏ ਤੋਂ ਵੱਧ ਦਾ ਨਿਵੇਸ਼ ਸੀ। ਉਨ੍ਹਾਂ ਦੇ ਨਾਂ ‘ਤੇ 1 ਕਰੋੜ ਰੁਪਏ ਤੋਂ ਵੱਧ ਦੀ LIC ਪਾਲਿਸੀ ਸੀ। ਉਨ੍ਹਾਂ ਦੀ ਪਤਨੀ ਅਤੇ ਰਾਜ ਸਭਾ ਮੈਂਬਰ ਸੁਨੇਤਰਾ ਪਵਾਰ ਕੋਲ 14.57 ਕਰੋੜ ਰੁਪਏ ਦੀ ਚੱਲ ਅਤੇ 58.39 ਕਰੋੜ ਰੁਪਏ ਦੀ ਅਚੱਲ ਸੰਪੱਤੀ ਹੈ।
ਅਜੀਤ ਪਵਾਰ ਦਾ ਜਨਮ 22 ਜੁਲਾਈ, 1959 ਨੂੰ ਅਹਿਮਦਨਗਰ ਜ਼ਿਲ੍ਹੇ ਦੇ ਦੇਵਲਾਲੀ ਪ੍ਰਵਰਾ ‘ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਚਾਚਾ ਸ਼ਰਦ ਪਵਾਰ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਰਾਜਨੀਤੀ ‘ਚ ਕਦਮ ਰੱਖਿਆ। ਉਹ 1991 ‘ਚ ਪਹਿਲੀ ਵਾਰ ਵਿਧਾਇਕ (MLA) ਬਣੇ ਅਤੇ ਉਦੋਂ ਤੋਂ ਲਗਾਤਾਰ ਬਾਰਾਮਤੀ ਦੀ ਨੁਮਾਇੰਦਗੀ ਕਰ ਰਹੇ ਸਨ। ਉਨ੍ਹਾਂ ਮਹਾਰਾਸ਼ਟਰ ਸਰਕਾਰ ‘ਚ ਸਿੰਚਾਈ, ਜਲ ਸਰੋਤ ਅਤੇ ਵਿੱਤ ਵਰਗੇ ਅਹਿਮ ਮੰਤਰਾਲੇ ਸੰਭਾਲੇ। ਉਹ ਮਹਾਰਾਸ਼ਟਰ ਦੇ ਸਭ ਤੋਂ ਲੰਬੇ ਸਮੇਂ ਤਕ ਰਹਿਣ ਵਾਲੇ ਉਪ ਮੁੱਖ ਮੰਤਰੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਕਈ ਵਾਰ ਇਸ ਅਹੁਦੇ ਦੀ ਜ਼ਿੰਮੇਵਾਰੀ ਨਿਭਾਈ।














