Ghaziabad sisters: ਕੋਰੀਅਨ ਨਾਂ ’ਤੇ ਸੋਸ਼ਲ ਮੀਡੀਆ ਖਾਤਾ ਚਲਾਉਂਦੀਆਂ ਸਨ ਗਾਜ਼ੀਆਬਾਦ ਦੀਆਂ ਭੈਣਾਂ

10

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਬੁੱਧਵਾਰ ਸਵੇਰੇ ਆਪਣੇ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਤਿੰਨ ਨਾਬਾਲਗ ਭੈਣਾਂ ਨੇ ਛਾਲ ਮਾਲ ਦਿੱਤੀ ਸੀ। ਇਨ੍ਹਾਂ ਲੜਕੀਆਂ ਦੀ ਮੌਤ ਤੋਂ ਬਾਅਦ ਪੁਲੀਸ ਸੂਤਰਾਂ ਨੇ ਕਿਹਾ ਕਿ ਇਹ ਲੜਕੀਆਂ ਕੋਰੀਆਈ ਪੌਪ ਸੱਭਿਆਚਾਰ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੇ ਕੋਰੀਅਨ ਨਾਂ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ਖਾਤਾ ਬਣਾਇਆ ਹੋਇਆ ਸੀ ਜਿਨ੍ਹਾਂ ਦੇ ਵੱਡੀ ਗਿਣਤੀ ਵਿੱਚ ਫਾਲੋਅਰਜ਼ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭੈਣਾਂ ਸਾਂਝੇ ਤੌਰ ’ਤੇ ਇੱਕ ਸੋਸ਼ਲ ਮੀਡੀਆ ਅਕਾਊਂਟ ਚਲਾਉਂਦੀਆਂ ਸਨ ਜਿੱਥੇ ਉਹ ਆਪਣੀ ਪਛਾਣ ਕੋਰੀਆਈ ਨਾਵਾਂ ਨਾਲ ਕਰਦੀਆਂ ਸਨ ਅਤੇ ਨਿਯਮਿਤ ਤੌਰ ’ਤੇ ਕੋਰੀਆਈ ਨਾਟਕਾਂ, ਸੰਗੀਤ ਅਤੇ ਫੈਸ਼ਨ ਤੋਂ ਪ੍ਰੇਰਿਤ ਸਮੱਗਰੀ ਪੋਸਟ ਕਰਦੀਆਂ ਸਨ।

ਪੀੜਤਾਂ ਦੀ ਪਛਾਣ ਨਿਸ਼ਿਕਾ (16), ਪ੍ਰਾਚੀ (14) ਅਤੇ ਪਾਖੀ (12) ਵਜੋਂ ਹੋਈ ਹੈ। ਪੁਲੀਸ ਅਨੁਸਾਰ ਇਨ੍ਹਾਂ ਲੜਕੀਆਂ ਦੇ ਪਿਤਾ ਨੇ ਇਨ੍ਹਾਂ ਲੜਕੀਆਂ ਨੂੰ ਗੇਮ ਖੇਡਣ ਤੋਂ ਰੋਕਿਆ ਸੀ ਤੇ ਉਨ੍ਹਾਂ ਦਾ ਮੋਬਾਈਲ ਫੋਨ ਖੋਹ ਲਿਆ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਭੈਣਾਂ ਕੋਰੀਅਨ ਡਰਾਮੇ ਦੇਖਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੱਕ ਪਹੁੰਚ ਕਰਨ ਤੋਂ ਅਸਮਰੱਥ ਹੋਣ ਕਰਕੇ ਪ੍ਰੇਸ਼ਾਨ ਹੋ ਗਈਆਂ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਲੜਕੀਆਂ ਦਾ ਪਿਤਾ ਚੇਤਨ ਕੁਮਾਰ ਪੇਸ਼ੇ ਵਜੋਂ ਵਪਾਰੀ ਹੈ ਤੇ ਅਜੋਕੇ ਸਮੇਂ ਗੰਭੀਰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਦੇ ਸਿਰ ’ਤੇ 2 ਕਰੋੜ ਰੁਪਏ ਦਾ ਕਰਜ਼ਾ ਹੈ। ਉਸ ਨੇ ਘਰੇਲੂ ਖਰਚੇ ਘਟਾਉਣ ਤੇ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨ ਲਈ ਮੋਬਾਈਲ ਫੋਨ ਵੇਚ ਦਿੱਤੇ ਸਨ।

ਜਾਣਕਾਰੀ ਅਨੁਸਾਰ ਇਹ ਘਟਨਾ ਗਾਜ਼ੀਆਬਾਦ ਦੀ ਰਿਹਾਇਸ਼ੀ ਟਾਊਨਸ਼ਿਪ ‘ਭਾਰਤ ਸਿਟੀ’ ਵਿੱਚ ਵਾਪਰੀ। ਰਿਪੋਰਟਾਂ ਅਨੁਸਾਰ ਤਿੰਨੋਂ ਭੈਣਾਂ ਇੱਕ-ਦੂਜੇ ਦੇ ਬਹੁਤ ਕਰੀਬ ਸਨ ਅਤੇ ਜ਼ਿਆਦਾਤਰ ਇਕੱਠੀਆਂ ਰਹਿੰਦੀਆਂ ਸਨ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਲੜਕੀਆਂ ਨੂੰ ਕਰੋਨਾ ਮਹਾਮਾਰੀ ਦੌਰਾਨ ਆਨਲਾਈਨ ਗੇਮ ਖੇਡਣ ਦੀ ਆਦਤ ਪੈ ਗਈ। ਉਹ ਆਨਲਾਈਨ ਟਾਸਕ-ਆਧਾਰਿਤ “ਕੋਰੀਅਨ ਲਵ ਗੇਮ” ਖੇਡ ਰਹੀਆਂ ਸਨ। ਇਨ੍ਹਾਂ ਲੜਕੀਆਂ ਨੇ ਨਿਯਮਤ ਤੌਰ ’ਤੇ ਸਕੂਲ ਜਾਣਾ ਬੰਦ ਕਰ ਦਿੱਤਾ ਸੀ ਜਿਸ ਕਾਰਨ ਇਨ੍ਹਾਂ ਦੇ ਮਾਪੇ ਪ੍ਰੇਸ਼ਾਨ ਸਨ।